ਛੱਤ 'ਤੇ ਪਤੰਗ ਉਡਾ ਰਹੀ 8 ਸਾਲਾ ਬੱਚੀ ਗੋਲੀ ਲੱਗਣ ਕਾਰਨ ਜ਼ਖਮੀ
ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਮਾਧੋਪੁਰੀ ਵਿਚ ਅੱਜ ਬਾਅਦ ਦੁਪਹਿਰ ਛੱਤ 'ਤੇ ਆਪਣੇ ਭੈਣ-ਭਰਾਵਾਂ ਨਾਲ ਪਤੰਗ ਉਡਾ ਰਹੀ ਅੱਠ ਸਾਲਾ ਬੱਚੀ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਈ ਬੱਚੀ ਦੀ ਪਛਾਣ ਆਇਸ਼ਾ ਪੁੱਤਰੀ ਨਾਸਿਰ ਵਜੋਂ ਕੀਤੀ ਗਈ ਹੈ। ਜਾਂਚ ਕਰ ਰਹੇ ਅਧਿਕਾਰੀ ਏ.ਸੀ.ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਲੋਹੜੀ ਮੌਕੇ ਅੱਜ ਆਇਸ਼ਾ ਛੱਤ ਉਤੇ ਖੜ੍ਹੀ ਆਪਣੇ ਭੈਣ-ਭਰਾਵਾਂ ਨਾਲ ਪਤੰਗ ਉਡਾ ਰਹੀ ਸੀ ਕਿ ਅਚਾਨਕ ਉਸਦੇ ਗੋਲੀ ਲੱਗ ਗਈ ਤੇ ਲਹੂ ਲੁਹਾਣ ਹੋ ਗਈ। ਆਇਸ਼ਾ ਉਥੇ ਹੀ ਡਿੱਗ ਪਈ ਤੇ ਗੰਭੀਰ ਹਾਲਤ ਵਿਚ ਉਸਨੂੰ ਹਸਪਤਾਲ ਲਿਆਂਦਾ ਗਿਆ।