ਜਿੱਥੇ ਅੰਤਿਮ ਸੰਸਕਾਰ ਹੋੋਵੇ, ਉਥੇ ਬਣੇ ਮਨਮੋਹਨ ਸਿੰਘ ਦੀ ਯਾਦਗਾਰ , ਖੜਗੇ ਨੇ ਸਰਕਾਰ ਨੂੰ ਲਿਖੀ ਚਿੱਠੀ
ਨਵੀਂ ਦਿੱਲੀ ,27 ਦਸੰਬਰ - ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਲਈ ਢੁੱਕਵੀਂ ਥਾਂ ਦੀ ਮੰਗ ਕੀਤੀ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਸਰਕਾਰ ਨੂੰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਉਨ੍ਹਾਂ ਦੇ ਕੱਦ ਅਨੁਸਾਰ ਕਿਸੇ ਢੁਕਵੀਂ ਥਾਂ ’ਤੇ ਮੁਹੱਈਆ ਕਰਵਾਉਣੀ ਚਾਹੀਦੀ ਹੈ। ਪਰਿਵਾਰ ਇਸ ਮਾਮਲੇ 'ਤੇ ਸਰਕਾਰ ਨਾਲ ਗੱਲ ਕਰ ਰਿਹਾ ਹੈ। ਡਾ : ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਦੇ ਮੋਤੀ ਲਾਲ ਨਹਿਰੂ ਮਾਰਗ 'ਤੇ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਰੱਖੀ ਗਈ ਹੈ। ਅੰਤਿਮ ਸੰਸਕਾਰ ਦੌਰਾਨ ਵਿਸ਼ੇਸ਼ ਰਾਜ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਂਦੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਭਲਕੇ (28 ਦਸੰਬਰ) ਸਵੇਰੇ 11:45 ਵਜੇ ਦਿੱਲੀ ਦੇ ਸ਼ਕਤੀ ਸਥਲ ਸਥਿਤ ਨਿਗਮ ਬੋਧ ਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਬੇਟੀ ਅੱਜ ਦੇਰ ਰਾਤ ਅਮਰੀਕਾ ਤੋਂ ਵਾਪਸ ਆ ਜਾਵੇਗੀ। ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।