ਬਮਿਆਲ ਸੈਕਟਰ 'ਚ ਪਾਕਿਸਤਾਨ ਵਲੋਂ ਡਰੋਨ ਰਾਹੀਂ ਭੇਜੀ ਹੈਰੋਇਨ ਦੀ ਖੇਪ ਬਰਾਮਦ
ਬਮਿਆਲ, 16 ਨਵੰਬਰ (ਰਕੇਸ਼ ਸ਼ਰਮਾ)-ਸਰਹੱਦੀ ਖੇਤਰ ਬਮਿਆਲ ਸੈਕਟਰ 'ਚ ਪਾਕਿਸਤਾਨ ਵਲੋਂ ਲਗਾਤਾਰ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਦੇ ਚੱਲਦੇ ਸ਼ਨੀਵਾਰ ਸ਼ਾਮ 7 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਇਕ ਵਾਰ ਫਿਰ ਡਰੋਨ ਰਾਹੀਂ ਪੀਲੇ ਰੰਗ ਦੇ ਪੈਕੇਟ 'ਚ ਹੈਰੋਇਨ ਦੀ ਖੇਪ ਭੇਜੀ ਗਈ। ਇਹ ਪੈਕੇਟ ਪਿੰਡ ਦੇ ਹੀ ਨੌਜਵਾਨਾਂ ਦੇ ਸਾਹਮਣੇ ਖੇਤ 'ਚ ਡਿੱਗਿਆ, ਜਿਸ ਨੂੰ ਕੁਝ ਨੌਜਵਾਨਾਂ ਵਲੋਂ ਦੇਖ ਲਿਆ ਗਿਆ। ਉਨ੍ਹਾਂ ਵਲੋਂ ਇਸ ਖੇਪ ਦੀ ਸੂਚਨਾ ਤੁਰੰਤ ਬੀ. ਐੱਸ. ਐੱਫ. ਨੂੰ ਦਿੱਤੀ ਗਈ, ਜਿਸ ਦੇ ਚੱਲਦੇ ਸਭ ਤੋਂ ਪਹਿਲਾਂ ਬੀ. ਐੱਸ. ਐੱਫ. ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਤਲਾਸ਼ੀ ਲਈ ਅਤੇ ਹੈਰੋਇਨ ਦੀ ਖੇਪ ਨੂੰ ਕਾਬੂ ਕਰਕੇ ਤੁਰੰਤ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਬਮਿਆਲ ਚੌਕੀ ਇੰਚਾਰਜ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ ਜੋ ਅੱਜ ਹੀ ਡਰੋਨ ਰਾਹੀਂ ਪਾਕਿਸਤਾਨ ਵਲੋਂ ਭੇਜਿਆ ਗਿਆ ਸੀ, ਜਿਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।