ਦਿੱਲੀ ਵਿਚ ਬੇਹੱਦ ਖ਼ਤਰਨਾਕ ਪੱਧਰ ’ਤੇ ਪੁੱਜਾ ਹਵਾ ਪ੍ਰਦੂਸ਼ਣ
ਨਵੀਂ ਦਿੱਲੀ, 16 ਨਵੰਬਰ- ਅੱਜ ਸਵੇਰੇ ਦਿੱਲੀ ’ਚ ਪ੍ਰਦੂਸ਼ਣ ਬਹੁਤ ਖਤਰਨਾਕ ਪੱਧਰ ’ਤੇ ਦਰਜ ਕੀਤਾ ਗਿਆ। ਸਵੇਰੇ 7 ਵਜੇ ਦਿੱਲੀ ਦੇ 10 ਤੋਂ ਵੱਧ ਸਟੇਸ਼ਨਾਂ ’ਤੇ ਹਵਾ ਦੀ ਗੁਣਵੱਤਾ 400+ ਰਿਕਾਰਡ ਕੀਤੀ ਗਈ। ਜਹਾਂਗੀਰਪੁਰੀ ’ਚ ਹਵਾ ਦੀ ਗੁਣਵੱਤਾ 445 ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਪ੍ਰਦੂਸ਼ਣ ਦੇ ਮੱਦੇਨਜ਼ਰ ਰਾਜਧਾਨੀ ਵਿਚ ਸਰਕਾਰੀ ਦਫ਼ਤਰਾਂ ਲਈ ਨਵੇਂ ਸਮੇਂ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ, ਦਿੱਲੀ ਸਰਕਾਰ ਦੇ ਦਫ਼ਤਰ ਸਵੇਰੇ 10 ਵਜੇ ਤੋਂ ਸ਼ਾਮ 6:30 ਵਜੇ ਤੱਕ ਅਤੇ ਐਮ.ਸੀ.ਡੀ. ਦਫ਼ਤਰ ਸਵੇਰੇ 8:30 ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ। ਦਿੱਲੀ ਦੇ ਸਾਰੇ ਪ੍ਰਾਇਮਰੀ (5ਵੀਂ ਜਮਾਤ ਤੱਕ) ਸਕੂਲਾਂ ਵਿਚ ਵੀ ਆਨਲਾਈਨ ਕਲਾਸਾਂ ਚਲਾਉਣ ਦਾ ਐਲਾਨ ਸ਼ੁੱਕਰਵਾਰ ਨੂੰ ਹੀ ਕਰ ਦਿੱਤਾ ਗਿਆ ਸੀ। ਹੁਣ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਲਈ ਮਾਸਕ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਨਿੱਜੀ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਹੈ। ਇਸ ਦੇ ਲਈ 106 ਵਾਧੂ ਕਲੱਸਟਰ ਬੱਸਾਂ ਅਤੇ ਮੈਟਰੋ ਦੇ 60 ਹੋਰ ਟਰਿੱਪ ਵਧਾਏ ਗਏ ਹਨ, ਤਾਂ ਜੋ ਲੋਕ ਪ੍ਰਾਈਵੇਟ ਵਾਹਨਾਂ ਦੀ ਘੱਟ ਵਰਤੋਂ ਕਰਨ। ਏਅਰ ਕੁਆਲਿਟੀ ਮੈਨੇਜਮੈਂਟ ਲਈ ਏਅਰ ਕਮਿਸ਼ਨ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਣ ਵਾਲੀਆਂ ਬੱਸਾਂ ਦੇ ਦਿੱਲੀ ਆਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ।