ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਤਰਰਾਸ਼ਟਰੀ ਉਡਾਣਾਂ ਸਮੇਤ ਕਈ ਘਰੇਲੂ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, (ਅੰਮ੍ਰਿਤਸਰ), 15 ਨਵੰਬਰ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਵਿਚ ਲਗਾਤਾਰ ਸੰਘਣੀ ਧੁੰਦ ਤੇ ਜ਼ਹਿਰੀਲੀ ਹਵਾ ਨਾਲ ਮੌਸਮ ਖਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਤੇ ਇੱਥੋਂ ਰਵਾਨਾ ਹੋਣ ਵਾਲੀਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਬੀਤੇ ਕਈ ਦਿਨਾਂ ਤੋਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਦੇ ਚਲਦਿਆਂ ਬੀਤੀ ਦੇਰ ਰਾਤ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਨੂੰ ਜਾਣ ਵਾਲੀ ਏਅਰ ਮਲੇਸ਼ੀਆ ਦੀ ਉਡਾਣ ਨੂੰ ਉਸ ਵੇਲੇ ਰੱਦ ਕਰ ਦਿੱਤਾ ਗਿਆ ਜਦੋਂ ਇਸ ਉਡਾਣ ਦੇ ਬੋਰਡਿੰਗ ਪਾਸ ਹੋਣ ਤੋਂ ਬਾਅਦ ਯਾਤਰੀਆਂ ਨੂੰ ਉਡਾਣ ਵਿਚ ਸਵਾਰ ਕਰ ਦਿੱਤਾ ਗਿਆ ਸੀ, ਪਰੰਤੂ ਸੰਘਣੀ ਧੁੰਦ ਹੋਣ ਕਾਰਣ ਉਡਾਣ ਦੇ ਪਾਇਲਟ ਵਲੋਂ ਧੁੰਦ ਵਿਚ ਵੇਖਣ ਦੀ ਯੋਗਤਾ ਘੱਟ ਹੋਣ ਕਰਕੇ ਉਡਾਣ ਨੂੰ ਰੱਦ ਕਰਨਾ ਪਿਆ, ਜਿਸ ਨਾਲ ਯਾਤਰੀਆਂ ਨੂੰ ਅੱਜ ਸਵੇਰ ਤੜਕੇ ਤੱਕ ਭਾਰੀ ਖੱਜਲ ਖੁਆਰ ਹੋਣਾ ਪਿਆ। ਇਸ ਤੋਂ ਅੱਜ ਸਵੇਰੇ ਤੜਕੇ, 4 ਵਜੇ ਦੋਹਾ ਨੂੰ ਜਾਣ ਵਾਲੀ ਦੋਹਾ ਕਤਰ ਦੀ ਉਡਾਣ ਵੀ ਨਹੀਂ ਭਰੀ ਗਈ। ਸ਼ਾਰਜਾਹ ਨੂੰ ਇਥੋਂ ਰਵਾਨਾ ਹੋਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਆਪਣੇ ਸਮੇਂ ਤੋਂ ਕਰੀਬ ਪੌਣੇ ਦੋ ਘੰਟੇ ਨਾਲ ਰਵਾਨਾ ਹੋਈ। ਇਸ ਤੋਂ ਇਲਾਵਾ ਇਥੇ ਪੁੱਜਣ ਵਾਲੀਆਂ ਲੰਡਨ, ਦੁਬਈ ਤੇ ਸ਼ਾਰਜਾਹ ਵਾਲੀਆਂ ਸਾਰੀਆਂ ਉਡਾਣਾਂ ਕਰੀਬ ਦੇ ਤਿੰਨ ਘੰਟੇ ਦੇਰੀ ਨਾਲ ਪਹੁੰਚੀਆਂ।