ਹਰਸਿਮਰਤ ਕੌਰ ਬਾਦਲ ਵਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼
ਚੰਡੀਗੜ੍ਹ, 12 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ’ਦ ਪ੍ਰੀਵੈਨਸ਼ਨ ਆਫ਼ ਡਰੱਗ ਐਬਿਊਜ਼ ਅਮੰਗ ਚਿਲਡਰਨ ਥਰੂਹ ਸਕੂਲ ਅਵੇਅਰਨੈਸ ਐਂਡ ਐਜੂਕੇਸ਼ਨ ਬਿੱਲ 2024’’ ਪੇਸ਼ ਕੀਤਾ, ਜਿਸ ਦਾ ਮਕਸਦ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਨੂੰ ਰੋਕਣਾ ਹੈ ਤੇ ਇਸ ਤਹਿਤ ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ, ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਬਾਰੇ ਸ਼ੁਰੂਆਤੀ ਸਿੱਖਿਆ ਦਿੱਤੇ ਜਾਣ ਤੇ ਭਵਿੱਖੀ ਪੀੜੀਆਂ ਦੀ ਸਿਹਤ ਤੇ ਭਲਾਈ ਵਾਸਤੇ ਨਸ਼ਾ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ।
ਪ੍ਰਾਈਵੇਟ ਮੈਂਬਰ ਬਿੱਲ ਸੰਸਦ ਵਿਚ ਪੇਸ਼ ਕਰਨ ਦਾ ਮਕਸਦ ਬੱਚਿਆਂ ਅਤੇ ਅੱਲ੍ਹੜ ਨੌਜਵਾਨਾਂ ਵਿਚ ਨਸ਼ਿਆਂ ਦੀ ਦੁਰਵਰਤੋਂ ਦੀ ਨਿਰੰਤਰ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨਾ ਹੈ। ਬਿੱਲ ਪੇਸ਼ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿੱਲ ਦਾ ਮਕਸਦ ਸਕੂਲਾਂ ਵਿਚ ਨਸ਼ਿਆਂ ਤੋਂ ਬਚਾਅ ਲਈ ਸਿੱਖਿਆ ਪ੍ਰਦਾਨ ਕਰਨਾ, ਸ਼ੁਰੂਆਤੀ ਉਮਰ ਵਿਚ ਜਾਗਰੂਕਤਾ ਬਣਾਉਣਾ, ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਤੋਂ ਜਾਣੂ ਕਰਵਾਉਣਾ, ਦੁਰਵਰਤੋਂ ਰੋਕਣਾ ਤੇ ਉਨ੍ਹਾਂ ਨੂੰ ਚੰਗੀ ਚੋਣ ਦੇ ਲਾਇਕ ਬਣਾਉਣਾ ਹੈ।