JALANDHAR WEATHER

17-02-26

 ਨਾਜਾਇਜ਼ ਮਾਈਨਿੰਗ ਬੰਦ ਹੋਵੇ

ਇਕ ਫਰਵਰੀ ਦਾ ਸੰਪਾਦਕੀ 'ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਨਾਜਾਇਜ਼ ਮਾਈਨਿੰਗ' ਸੂਬੇ ਅੰਦਰ ਦਰਿਆਵਾਂ ਸਮੇਤ ਹੋਰ ਥਾਵਾਂ 'ਤੇ ਹੋ ਰਹੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਵੇਂ ਸੂਬੇ ਅੰਦਰ ਨਸ਼ਿਆਂ ਦਾ ਕਾਰੋਬਾਰ ਕਥਿਤ ਸਿਆਸੀ ਪੁਸ਼ਤਪਨਾਹੀ ਨਾਲ ਪ੍ਰਫੁੱਲਿਤ ਹੋਇਆ। ਬਿਲਕੁਲ ਇਸੇ ਤਰ੍ਹਾਂ ਹੀ ਨਾਜਾਇਜ਼ ਮਾਈਨਿੰਗ ਨੂੰ ਵੀ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ। ਜਿਥੇ ਨਾਜਾਇਜ਼ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੈ, ਉਥੇ ਇਸ ਕਾਰੋਬਾਰ 'ਚ ਲੱਗੇ ਅਸਰ ਰਸੂਖ ਵਾਲੇ ਲੋਕ ਕੁਦਰਤੀ ਸਰੋਤਾਂ ਦੀ ਲੁੱਟ ਨਾਲ ਕਰੋੜਾਂ ਰੁਪਏ ਕਮਾ ਰਹੇ ਹਨ। ਇਸੇ ਲਈ ਉੱਚ ਅਦਾਲਤ ਨੂੰ ਸਖ਼ਤ ਟਿੱਪਣੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸੂਬੇ ਅੰਦਰ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀ-ਭੁਗਤ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨੂੰ ਰੋਕਣ ਲਈ ਸੂਬਾ ਸਰਕਾਰ ਨੂੰ ਦ੍ਰਿੜ੍ਹ ਇਰਾਦੇ ਨਾਲ ਕਾਰਵਾਈ ਕਰਨ ਦੀ ਲੋੜ ਹੈ। ਪਰ ਸਰਕਾਰ ਇਸ ਕਾਰੋਬਾਰ ਨੂੰ ਰੋਕਣ 'ਚ ਅਸਫ਼ਲ ਤੇ ਬੇਵੱਸ ਦਿਖਾਈ ਦੇ ਰਹੀ ਹੈ।

ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)

ਸਪੀਕਰਾਂ ਤੇ ਡੀ.ਜੇ. 'ਤੇ ਸਖ਼ਤੀ ਜ਼ਰੂਰੀ

ਇਕ ਪਾਸੇ ਬੱਚਿਆਂ ਦੇ ਸਾਲਾਨਾ ਇਮਤਿਹਾਨਾਂ ਦੇ ਦਿਨ ਹਨ ਤੇ ਦੂਜੇ ਪਾਸੇ ਵਿਆਹਾਂ ਦਾ ਜ਼ੋਰ ਹੈ। ਵਿਆਹਾਂ ਦੌਰਾਨ ਲੋਕਾਂ ਵਲੋਂ ਗਲੀ ਮੁਹੱਲਿਆਂ 'ਚ ਦੇਰ ਰਾਤ ਤੱਕ ਉੱਚੀ-ਉੱਚੀ ਵੱਜਦੇ ਸਪੀਕਰ ਤੇ ਡੀ.ਜੇ. ਬਹੁਤ ਜ਼ਿਆਦਾ ਸ਼ੋਰ ਕਰਦੇ ਹਨ। ਜਿਸ ਕਰਕੇ ਬੱਚਿਆਂ ਲਈ ਇਮਤਿਹਾਨਾਂ ਦੀ ਤਿਆਰੀ ਕਰਨੀ ਔਖੀ ਹੋਈ ਪਈ ਹੈ। ਬਜ਼ੁਰਗ ਤੇ ਬਿਮਾਰ ਲੋਕ ਵੀ ਆਵਾਜ਼ ਪ੍ਰਦੂਸ਼ਣ ਤੋਂ ਔਖੇ ਹੁੰਦੇ ਹਨ। ਦਿਨ-ਰਾਤ ਵੱਜਦੇ ਸਪੀਕਰ ਤੇ ਡੀ.ਜੇ., ਉੱਚੀ ਆਵਾਜ਼ ਸਭ ਨੂੰ ਦੁਖੀ ਕਰਦੀ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤੀ ਵਰਤਦੇ ਹੋਏ ਸਪੀਕਰਾਂ ਤੇ ਡੀ.ਜੇ. ਲਾਉਣ ਦੀ ਸਮਾਂ ਹੱਦ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਵਰਤਦਿਆਂ ਜੁਰਮਾਨੇ ਲਗਾਉਣੇ ਚਾਹੀਦੇ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮੁੱਦੇ ਪ੍ਰਤੀ ਅਵੇਸਲੇ ਹੋਣ ਦੀ ਥਾਂ ਚੌਕਸੀ ਵਰਤਣੀ ਬਣਦੀ ਹੈ।

-ਲੈਕਚਰਾਰ ਅਜੀਤ ਖੰਨਾ
ਐੱਮ.ਏ., ਐੱਮ.ਫਿੱਲ., ਐੱਮ.ਜੇ.ਐੱਮ.ਸੀ., ਬੀ.ਐੱਡ।

ਪਿੰਡ ਬਨਾਮ ਸ਼ਹਿਰ
ਪਿੰਡ ਲੋਕਾਂ ਦੀ ਆਤਮਾ ਹੁੰਦੇ ਹਨ ਜਿਥੇ ਲੋਕਾਂ ਦੀ ਰੂਹ ਵਸਦੀ ਹੈ। ਪਿੰਡਾਂ ਵਿਚ ਸਾਫ਼-ਸੁਥਰੀ ਹਵਾ ਅਤੇ ਖੇਤਾਂ 'ਚ ਹਰਿਆਲੀ ਹੁੰਦੀ ਹੈ ਜਿਸ ਕਾਰਨ ਪਿੰਡਾਂ 'ਚ ਮਨ ਨੂੰ ਸ਼ਾਂਤੀ ਮਿਲਦੀ ਹੈ। ਪਿੰਡਾਂ ਵਿਚ ਆਂਢ-ਗੁਆਂਢ ਪਰਿਵਾਰ ਦੀ ਤਰ੍ਹਾਂ ਰਹਿੰਦਾ ਹੈ ਅਤੇ ਦੁੱਖ-ਸੁਖ ਦਾ ਸਾਥੀ ਬਣਦਾ ਹੈ। ਇਥੋਂ ਦੇ ਲੋਕ ਬਹੁਤ ਮਿਲਣਸਾਰ ਹੁੰਦੇ ਹਨ ਜਿਸ ਕਰਕੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ। ਪਰ ਸਮੇਂ ਦੇ ਨਾਲ ਪਿੰਡ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਸ਼ਹਿਰੀਕਰਨ ਵਧਦਾ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਰੁਖ ਕਰ ਰਹੇ ਹਨ, ਜਿਸ ਨਾਲ ਜੀਵਨ-ਸ਼ੈਲੀ ਅਤੇ ਰਹਿਣ-ਸਹਿਣ ਵਿਚ ਕਾਫੀ ਤਬਦੀਲੀਆਂ ਆ ਗਈਆਂ ਹਨ। ਸ਼ਹਿਰਾਂ ਦਾ ਜੀਵਨ ਬਹੁਤ ਰੁਝੇਵੇਂ ਭਰਿਆ ਹੋਣ ਕਰਕੇ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਕੰਮ ਦੇ ਬੋਝ ਇਕੱਲਾਪਣ ਅਤੇ ਸਮੇਂ ਦੀ ਘਾਟ ਕਾਰਨ ਲੋਕ ਆਂਢ-ਗੁਆਂਢ ਨਾਲ ਵੀ ਬਹੁਤੀ ਸਾਂਝ ਨਹੀਂ ਪਾ ਸਕਦੇ।

-ਰੇਖਾ ਰਾਣੀ ਸਰਹਿੰਦ।

ਨਿੰਦਾ-ਚੁਗਲੀ ਤੇ ਸਮਾਜ

ਸਮਾਜ ਅੰਦਰ ਨਿੰਦਾ-ਚੁਗਲੀ ਦਾ ਵਰਤਾਰਾ ਬੜਾ ਪ੍ਰਬਲ ਹੈ, ਬਹੁਤ ਸਾਰੇ ਝਗੜਿਆਂ-ਝਮੇਲਿਆਂ ਦੇ ਹੋਰ ਕਾਰਨਾਂ ਤੋਂ ਇਲਾਵਾ ਨਿੰਦਾ ਚੁਗਲੀ ਵੀ ਇਕ ਕਾਰਨ ਹੈ। ਜਿਵੇਂ ਕਿਸੇ ਨਸ਼ੇ ਦੇ ਆਦੀ ਮਨੁੱਖ ਨੂੰ ਨਸ਼ਾ ਪਿਆਰਾ ਲਗਦਾ ਹੈ, ਉਸੇ ਤਰ੍ਹਾਂ ਨਿੰਦਾ ਕਰਨ ਵਾਲੇ ਨੂੰ ਨਿੰਦਾ-ਚੁਗਲੀ ਪਿਆਰੀ ਲਗਦੀ ਹੈ। ਬਿਨਾਂ ਸ਼ੱਕ ਨਿੰਦਾ ਮਾੜੀ ਹੈ ਅਤੇ ਇਕ ਵੱਡਾ ਅਵਗੁਣ ਹੈ, ਜੋ ਕਿਸੇ ਵਿਅਕਤੀ ਨੂੰ ਚੰਗਾ/ਨੇਕ ਮਨੁੱਖ ਬਣਨ ਵਿਚ ਰੁਕਾਵਟ ਬਣਦੀ ਹੈ। ਨਿੰਦਕ ਵਿਅਕਤੀ ਤੋਂ ਚੰਗੇ ਲੋਕ ਅਕਸਰ ਕਿਨਾਰਾ ਕਰਕੇ ਮੇਲ-ਜੋਲ ਤੋਂ ਗੁਰੇਜ਼ ਕਰਦੇ ਹਨ, ਜਿਵੇਂ ਕੋਈ ਭਲਾ ਪੁਰਸ਼ ਭਲੇ ਪੁਰਸ਼ ਨੂੰ ਮਿਲ ਕੇ ਖ਼ੁਸ਼ੀ ਮਹਿਸੂਸ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਨਿੰਦਕ ਦੂਸਰਿਆਂ ਦੀ ਨਿੰਦਾ ਕਰਕੇ ਬੜਾ ਖ਼ੁਸ਼ ਅਤੇ ਸੰਤੁਸ਼ਟ ਹੁੰਦਾ ਹੈ। ਗੁਰਬਾਣੀ ਅਨੁਸਾਰ ਵੀ ਨਿੰਦਾ ਕਿਸੇ ਦੀ ਵੀ ਭਲੀ ਨਹੀਂ ਹੁੰਦੀ ਅਤੇ ਨਾ ਹੀ ਨਿੰਦਕ ਗੁਰੂ ਦੀ ਕ੍ਰਿਪਾ ਦਾ ਪਾਤਰ ਬਣ ਸਕਦਾ ਹੈ। ਸਗੋਂ ਉਹ ਦੂਸਰਿਆਂ ਦੀ ਨਫ਼ਰਤ ਦਾ ਪਾਤਰ ਜ਼ਰੂਰ ਬਣ ਜਾਂਦਾ ਹੈ। ਇਸ ਲਈ ਸਾਨੂੰ ਸਭ ਨੂੰ ਨਿੰਦਾ-ਚੁਗਲੀ ਵਰਗੇ ਅਵਗੁਣ ਤੋਂ ਬਚਣਾ ਚਾਹੀਦਾ ਹੈ, ਅਤੇ ਨਾਮ ਬਾਣੀ ਅਤੇ ਸੇਵਾ ਨਾਲ ਜੁੜ ਕੇ ਸਦਗੁਣਾਂ ਦੇ ਧਾਰਨੀ ਬਣ ਕੇ ਆਪਣਾ ਮਨੁੱਖਾ ਜੀਵਨ ਸਫ਼ਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਚਿੰਤਾ ਦਾ ਵਿਸ਼ਾ

ਪਿਛਲੇ ਦਿਨੀਂ ਅਜੀਤ ਦਾ ਸੰਪਾਦਕੀ 'ਗੰਭੀਰ ਸਮੱਸਿਆ-ਵੱਡੀ ਚੁਣੌਤੀ' ਪੜ੍ਹਿਆ। ਵਾਕਿਆ ਹੀ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਚਿੰਤਾਜਨਕ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ। ਕਤਲ, ਲੁੱਟਾਂ ਖੋਹਾਂ, ਫਿਰੌਤੀਆਂ ਵਸੂਲਣਾ, ਫਿਰੌਤੀਆਂ ਦੀਆਂ ਧਮਕੀਆਂ, ਸਕੂਲਾਂ/ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈ-ਮੇਲਜ਼ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਖ਼ਿਲਾਫ਼ ਚਲਾਇਆ ਗਿਆ 'ਆਪਰੇਸ਼ਨ ਪ੍ਰਹਾਰ' ਵੀ ਇਨ੍ਹਾਂ ਕਾਰਵਾਈਆਂ/ਵਾਰਦਾਤਾਂ ਵਿਚ ਕਮੀ ਨਹੀਂ ਲਿਆ ਸਕਿਆ ਅਤੇ ਨਾ ਹੀ ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪੈ ਰਹੀ ਹੈ। ਇਸ ਤੋਂ ਪਹਿਲਾਂ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਹੱਥਾਂ ਵਿਚੋਂ ਨਿਕਲ ਜਾਵੇ, ਪੰਜਾਬ ਸਰਕਾਰ ਨੂੰ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ 'ਤੇ ਜਿਸ ਇਲਾਕੇ ਵਿਚ ਕੋਈ ਘਟਨਾ ਹੁੰਦੀ ਹੈ ਪੁਲਿਸ ਅਫ਼ਸਰਾਂ ਦੀ ਜ਼ਿੰਮੇਵਾਰੀ/ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕ ਅਮਨ ਚੈਨ ਦੀ ਜ਼ਿੰਦਗੀ ਜੀਅ ਸਕਣ।

-ਮੁਕੇਸ਼ ਕੁਮਾਰ ਬਾਮ
ਅਰਜਨ ਨਗਰ, ਤਰਨ ਤਾਰਨ।

ਆਵਾਜਾਈ ਨਿਯਮਾਂ ਦੀ ਪਾਲਣਾ

ਸੜਕੀ ਹਾਦਸਿਆਂ ਨੂੰ ਟਾਲਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਦੇਸ਼ ਵਿਚ ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਸੜਕਾਂ 'ਤੇ ਭੀੜ ਵਧਦੀ ਜਾ ਰਹੀ ਹੈ। ਇਸ ਭੀੜ-ਭਾੜ ਭਰੀ ਜ਼ਿੰਦਗੀ ਵਿਚ ਹਰ ਬੰਦਾ ਅੱਗੇ ਵਧਣ ਦੀ ਕਾਹਲੀ ਵਿਚ ਹੀ ਹੁੰਦਾ ਹੈ। ਕੋਈ ਟ੍ਰੈਫਿਕ ਨਿਯਮਾਂ ਵੱਲ ਧਿਆਨ ਨਹੀਂ ਦਿੰਦਾ। ਇਹ ਨਿਯਮ ਸਿਰਫ਼ ਨਿਯਮ ਨਹੀਂ ਹਨ, ਇਹ ਸਾਡੀ ਜਾਨ ਨੂੰ ਖ਼ਤਰੇ ਤੋਂ ਬਚਾਉਂਦੇ ਹਨ।
ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹੋਏ ਜਦੋਂ ਵੀ ਕੋਈ ਟ੍ਰੈਫਿਕ ਇੰਚਾਰਜ ਸਾਡੀ ਗੱਡੀ ਰੋਕਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸਿਫ਼ਾਰਸ਼ ਲੱਭਣ ਲਗ ਜਾਂਦੇ ਹਾਂ। ਜੇ ਅਸੀਂ ਹੈਲਮਟ ਨਹੀਂ ਪਾਇਆ ਤਾਂ ਨੁਕਸਾਨ ਸਾਡਾ ਹੀ ਹੈ। ਕਈ ਜਾਨਾਂ ਸਿਰ 'ਤੇ ਸੱਟ ਲੱਗਣ ਕਰਕੇ ਹੀ ਜਾਂਦੀਆਂ ਹਨ, ਕਿਉਂਕਿ ਅਸੀਂ ਹੈਲਮੇਟ ਦੀ ਵਰਤੋਂ ਨਹੀਂ ਕਰਦੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵਿਚ ਬੱਚਿਆਂ ਅਤੇ ਮਾਪਿਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਜੇਕਰ ਅਸੀਂ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਅਸੀਂ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਤੋਂ ਬਚ ਸਕਾਂਗੇ।

-ਅਸ਼ੀਸ਼ ਸ਼ਰਮਾ
ਜਲੰਧਰ