JALANDHAR WEATHER

03-02-2025

 ਆਲਮੀ ਤਪਸ਼ ਇਕ ਵੱਡਾ ਸੰਕਟ
ਗਲੋਬਲ ਵਾਰਮਿੰਗ ਨੇ ਇਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ, ਜਿਸ ਦੇ ਚੱਲਦੇ ਜਲਵਾਯੂ ਪਰਿਵਰਤਨ ਅਤੇ ਮੌਸਮ ਦੀ ਤਰਤੀਬ ਬਦਲ ਰਹੀ ਹੈ। ਹਾਲ ਹੀ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਰੌਂਗਟੇ ਖੜ੍ਹੇ ਕਰ ਦਿੱਤੇ। ਲੋਕਾਂ ਦੇ ਘਰ ਮਿੰਟਾਂ ਵਿਚ ਅੱਗ ਦੀ ਲਪੇਟ ਵਿਚ ਆ ਕੇ ਤਬਾਹ ਹੋਣ ਨਾਲ ਲੋਕ ਬੇਘਰ ਹੋ ਗਏ। ਜੇਕਰ ਜਲਵਾਯੂ ਪਰਿਵਰਤਨ ਇਸ ਤਰ੍ਹਾਂ ਜਾਰੀ ਰਿਹਾ ਤਾਂ ਇਸ ਧਰਤੀ ਉੱਪਰ ਹੋਣ ਵਾਲੇ ਵਿਨਾਸ਼ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ।

-ਲਵਪ੍ਰੀਤ ਕੌਰ

ਪੰਜਾਬ ਅਤੇ ਨਸ਼ੇ
ਨਸ਼ਿਆਂ ਖ਼ਿਲਾਫ਼ ਪੰਜਾਬ ਨੇ ਇਕ ਹੋਰ ਯਤਨ ਸ਼ੁਰੂ ਕਰਨ ਦੀ ਸੋਚੀ ਹੈ। ਮਨੀਪੁਰ ਦੀ ਨੀਤੀ ਦਾ ਅਧਿਐਨ ਕਰ ਕੇ ਨਸ਼ਿਆਂ ਦੀ ਰੋਕਥਾਮ, ਨਸ਼ੇ ਛੁਡਾਊ ਉਪਰਾਲੇ, ਛੱਡਣ ਵਾਲਿਆਂ ਦੇ ਮੁੜ ਵਸੇਬੇ ਆਦਿ ਵਿਸ਼ਿਆਂ 'ਤੇ ਅਮਲ ਲਈ ਮੁੱਖ ਸਕੱਤਰ ਅਧੀਨ ਕਮੇਟੀ ਬਣਾਈ ਗਈ ਹੈ। ਪੰਜਾਬ ਸਰਕਾਰ ਨੇ ਪਹਿਲੇ ਵੀ ਚਿੱਟੇ ਖਿਲਾਫ਼ ਜੰਗ ਆਰੰਭੀ ਹੋਈ ਹੈ। ਪੰਚਾਇਤਾਂ ਦੇ ਐਕਟ ਵਿਚ ਪਿੰਡ ਵਿਚੋਂ ਸ਼ਰਾਬ ਬੰਦੀ ਕਰਨ ਦਾ ਅਧਿਕਾਰ ਹੈ। ਪਰ ਮਾਫੀਆ ਪੇਸ਼ ਨਹੀਂ ਜਾਣ ਦਿੰਦਾ। ਦੂਜੇ ਪਾਸੇ ਲੋਕਾਂ ਨੂੰ ਇਲਮ ਹੈ ਕਿ ਸਿਸਟਮ ਨੂੰ ਸਭ ਕੁੱਝ ਪਤਾ ਹੈ, ਇਸ ਦਾ ਪ੍ਰਣਾਮ ਰਣਜੀਤ ਬਾਵੇ ਦੇ ਗਾਣੇ ਨੂੰ ਬੰਦ ਕਰਵਾ ਕੇ ਮਿਲਣ ਦੀ ਸ਼ੰਕਾ ਹੈ, 'ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਂ ਹੀ ਤਾਂ ਸ਼ਰੇਆਮ ਵਿਕਦਾ' ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿਚੋਂ ਨਸ਼ਿਆਂ ਦੇ ਲਾਂਘੇ ਦੀਆਂ ਕਨਸੋਆਂ ਵੀ ਹਨ। ਪੰਜਾਬ ਵਿਚ ਦਰਜ ਹੋਏ ਕੇਸ ਵੀ ਕੋਈ ਅੰਜ਼ਾਮ ਅਤੇ ਮੰਜ਼ਿਲ 'ਤੇ ਨਹੀਂ ਪਹੁੰਚ ਸਕੇ। ਨਸ਼ੇ ਖਿਲਾਫ ਹਰ ਸੰਭਵ ਯਤਨ ਹੋਵੇ, ਕੋਈ ਵੀ ਸਮਝੌਤਾ ਨਾ ਹੋਵੇ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

ਸ਼ਾਂਤੀ ਦਾ ਪੁਜਾਰੀ
ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਕਥਨ ਹੈ ਕਿ ਅੱਖ ਦੇ ਬਦਲੇ ਅੱਖ ਪੂਰੀ ਦੁਨੀਆ ਨੂੰ ਅੰਨ੍ਹੇ ਬਣਾ ਦੇਵੇਗੀ। ਕਿਸੇ ਵੀ ਰਾਸ਼ਟਰ ਦੀ ਤਰੱਕੀ ਅਤੇ ਸਰਬ ਪੱਖੀ ਵਿਕਾਸ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ। ਇਸ ਸਮੇਂ ਇਕ ਪਾਸੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ, ਪੂਰਾ ਵਿਸ਼ਵ ਬਾਰੂਦ ਦੇ ਢੇਰ ਉੱਤੇ ਬੈਠਾ ਹੋਇਆ ਹੈ। ਉਸ ਸਮੇਂ ਸਮਾਜਿਕ ਕਾਰਕੁੰਨ ਸਿਗੇਮੀ ਫੁਕਾਹੋਰੀ ਦਾ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਜਾਣਾ, ਹੋਰ ਵੀ ਦੁਖਦਾਈ ਹੈ। ਜਪਾਨ ਵਿਚ ਹੋਏ ਪ੍ਰਮਾਣੂ ਹਮਲਿਆਂ ਦੀ ਤਬਾਹੀ ਤੋਂ ਬਾਅਦ ਉਨ੍ਹਾਂ ਨੇ ਪ੍ਰਮਾਣੂ ਹਥਿਆਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ, ਇਸ ਆਵਾਜ਼ ਨੇ ਅੰਦੋਲਨ ਦਾ ਰੂਪ ਧਾਰਿਆ ਸੀ। ਉਹ ਵਿਸ਼ਵ ਨੂੰ ਸ਼ਾਂਤੀ ਦਾ ਪੈਗਾਮ ਦਿੰਦੇ ਸਨ। ਅਜੋਕੇ ਸਮੇਂ ਵਿਚ ਜਦੋਂ ਸਹਿਣਸ਼ੀਲਤਾ ਖ਼ਤਮ ਹੋਣ ਦੇ ਕਿਨਾਰੇ 'ਤੇ ਪਹੁੰਚ ਚੁੱਕੀ ਹੈ, ਜੇਕਰ ਸਾਰਾ ਹੀ ਵਿਸ਼ਵ ਹਿੰਸਾ ਦਾ ਸਹਾਰਾ ਲੈਂਦਾ ਰਿਹਾ ਤਾਂ ਸ਼ਾਂਤੀ ਕਦੇ ਵੀ ਨਹੀਂ ਆਏਗੀ। ਭਾਵੇਂ ਫੁਕਾਹੋਰੀ ਸਾਡੇ ਵਿਚਕਾਰ ਨਹੀਂ ਰਹੇ ਪ੍ਰੰਤੂ ਉਨ੍ਹਾਂ ਦੁਆਰਾ ਪ੍ਰਮਾਣੂ ਹਥਿਆਰਾਂ ਵਿਰੁੱਧ ਅਤੇ ਵਿਸ਼ਵ ਸ਼ਾਂਤੀ ਨੂੰ ਕਾਇਮ ਕਰਨ ਲਈ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

-ਰਜਵਿੰਦਰ ਪਾਲ ਸ਼ਰਮਾ

ਹਰ ਪਲ ਖੁਸ਼ਹਾਲ ਬਣਾਓ
ਜ਼ਿੰਦਗੀ ਦੇ ਹਰ ਪਲ 'ਚ ਅਸਲ ਖ਼ੁਸ਼ੀ ਨੂੰ ਮਹਿਸੂਸ ਕਰਨ ਅਤੇ ਅੱਜ ਦੇ ਦਿਨ ਨੂੰ ਮਾਣਨ ਦਾ ਅਹਿਸਾਸ ਅਜਿਹਾ ਸਬਕ ਹੈ, ਜੋ ਜ਼ਿੰਦਗੀ ਦੇ ਹਰ ਮੋੜ 'ਤੇ ਸਾਨੂੰ ਸਿੱਖਿਆ ਦਿੰਦਾ ਹੈ। ਅਕਸਰ ਅਸੀਂ ਚੰਗੇ ਦਿਨਾਂ ਦੀ ਉਡੀਕ ਕਰਦੇ-ਕਰਦੇ ਆਪਣੇ ਮੌਜੂਦਾ ਪਲਾਂ ਨੂੰ ਵੀ ਗੁਆ ਬੈਠਦੇ ਹਾਂ। ਇਸ ਹਕੀਕਤ ਨੂੰ ਸਮਝਣ 'ਚ ਕਈ ਵਾਰ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਕਿ ਜਿਹੜੇ ਦਿਨ ਬੀਤ ਗਏ, ਉਹ ਹੀ ਸਾਡੇ ਲਈ ਚੰਗੇ ਦਿਨ ਸਨ। ਅੱਜ ਇਕ ਅਜਿਹਾ ਮੌਕਾ ਹੈ, ਜੋ ਕਦੇ ਮੁੜ ਕੇ ਨਹੀਂ ਆਵੇਗਾ। ਅਸੀਂ ਭਵਿੱਖ ਦੀ ਚਿੰਤਾ 'ਚ ਆਪਣੇ ਵਰਤਮਾਨ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਕਈ ਵਿਦਿਆਰਥੀ ਵਧੀਆ ਨੰਬਰ ਲਿਆਉਣ ਦੀ ਚਿੰਤਾ ਵਿਚ ਆਪਣੇ ਵਿਦਿਆਰਥੀ ਜੀਵਨ ਦੇ ਮਿੱਠੇ ਪਲਾਂ ਨੂੰ ਅਣਡਿੱਠਾ ਕਰ ਦਿੰਦੇ ਹਨ ਜੋ ਕਦੇ ਮੁੜ ਨਹੀਂ ਆਉਣੇ।
ਸਮੇਂ ਦੀ ਇਕ ਅਜੀਬ ਗੱਲ ਹੈ। ਇਹ ਹਮੇਸ਼ਾ ਅੱਗੇ ਵਧਦਾ ਹੈ। ਸਾਡੇ ਕੋਲ ਉਸ ਨੂੰ ਪਿੱਛੇ ਮੋੜ ਕੇ ਵੇਖਣ ਦੀ ਕੋਈ ਤਾਕਤ ਨਹੀਂ। ਜੇਕਰ ਅਸੀਂ ਵਰਤਮਾਨ ਨੂੰ ਚੰਗੀ ਤਰ੍ਹਾਂ ਜ਼ਿੰਦਗੀ ਵਿਚ ਲਿਆਉਣ ਦਾ ਯਤਨ ਕਰੀਏ ਤਾਂ ਸਾਨੂੰ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ। ਜਦੋਂ ਅਸੀਂ ਅੱਜ ਨੂੰ ਮਾਣਦੇ ਹਾਂ, ਉਦੋਂ ਹੀ ਸਾਡੀ ਜ਼ਿੰਦਗੀ ਦਾ ਹਰ ਪਲ ਕੀਮਤੀ ਬਣ ਜਾਂਦਾ ਹੈ। ਜੇ ਅਸੀਂ ਆਪਣੇ ਅੱਜ ਨੂੰ ਖ਼ੁਸ਼ਹਾਲ ਬਣਾਵਾਂਗੇ, ਤਾਂ ਬੀਤੇ ਦਿਨ ਆਪਣੇ ਆਪ ਚੰਗੇ ਬਣ ਜਾਣਗੇ।

-ਪਲਕਪ੍ਰੀਤ ਕੌਰ ਬੇਦੀ
ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ।

ਲੋੜਵੰਦ ਲੋਕਾਂ ਨੂੰ ਸੁਖਮਈ ਬਣਾਈਏ
ਜਦੋਂ ਹਵਾ ਵਿਚ ਠੰਢ ਮਹਿਸੂਸ ਹੁੰਦੀ ਹੈ, ਤਾਂ ਸਿਰਫ਼ ਮੌਸਮ ਹੀ ਨਹੀਂ ਬਦਲਦਾ, ਕਈ ਲੋਕਾਂ ਲਈ ਜ਼ਿੰਦਗੀ ਦੀਆਂ ਚੁਣੌਤੀਆਂ ਵੀ ਵਧ ਜਾਂਦੀਆਂ ਹਨ। ਹਰੇਕ ਸਾਲ ਜਦੋਂ ਠੰਢ ਪੈਂਦੀ ਹੈ ਤਾਂ ਕੁਝ ਲੋਕਾਂ ਲਈ ਇਹ ਸੁਹਾਵਣਾ ਮੌਸਮ ਬਣਦਾ ਹੈ ਅਤੇ ਕਈ ਲੋਕਾਂ ਲਈ ਇਹ ਜ਼ਿੰਦਗੀ ਦੀ ਲੜਾਈ ਬਣ ਜਾਂਦਾ ਹੈ। ਸੜਕਾਂ ਦੇ ਕਿਨਾਰੇ ਬੈਠੇ ਲੋੜਵੰਦ ਬੱਚੇ, ਬਜ਼ੁਰਗ ਅਤੇ ਗਰੀਬ ਪਰਿਵਾਰਾਂ ਨੂੰ ਇਸ ਕਹਿਰ ਨਾਲ ਲੜਨਾ ਪੈਂਦਾ ਹੈ। ਇਸ ਠੰਡ ਦੀਆਂ ਕੜਾਕੇਦਾਰ ਰਾਤਾਂ ਵਿਚ ਉਨ੍ਹਾਂ ਦੇ ਕੰਬਦੇ ਹੋਏ ਸਰੀਰ ਸਾਡੀ ਸਮਾਜਿਕ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦੇ ਹਨ।
ਇਸ ਜ਼ਿੰਮੇਵਾਰੀ ਨੂੰ ਸਮਝਦਿਆਂ ਅਸੀਂ ਸਾਰੇ ਮਿਲ ਕੇ ਇਕ ਛੋਟੀ ਜਿਹੀ ਕੋਸ਼ਿਸ਼ ਕਰ ਕੇ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ। ਜਦੋਂ ਵੀ ਤੁਸੀਂ ਆਪਣੀ ਕਾਰ ਜਾਂ ਹੋਰ ਗੱਡੀ 'ਚ ਰਾਤ ਨੂੰ ਬਾਹਰ ਜਾਓ, ਤਾਂ ਆਪਣੇ ਪੁਰਾਣੇ ਗਰਮ ਕੱਪੜੇ, ਸਵੈਟਰ ਅਤੇ ਕੰਬਲ ਨਾਲ ਰੱਖੋ। ਇਹ ਸਧਾਰਨ ਜਿਹੀ ਕੋਸ਼ਿਸ਼ ਨਾ ਸਿਰਫ਼ ਗਰੀਬਾਂ ਲਈ ਮਦਦਗਾਰ ਸਾਬਤ ਹੋਵੇਗੀ, ਬਲਕਿ ਤੁਹਾਡੇ ਅੰਦਰ ਦਾਨ ਦੀ ਭਾਵਨਾ ਨੂੰ ਵੀ ਮਜ਼ਬੂਤ ਕਰੇਗੀ। ਬਜ਼ੁਰਗਾਂ ਤੇ ਬੱਚਿਆਂ ਲਈ ਸਾਡੇ ਬੈੱਡਾਂ 'ਚ ਪਏ ਪੁਰਾਣੇ ਕੰਬਲ ਜਾਂ ਸਵੈਟਰ ਕਿਸੇ ਅਨਮੋਲ ਤੋਹਫ਼ੇ ਤੋਂ ਘੱਟ ਨਹੀਂ ਹੋਣਗੇ।
ਸ਼ੁਰੂਆਤ 'ਚ ਅਸੀਂ ਆਪਣੇ ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਾਲ ਜੋੜ ਸਕਦੇ ਹਾਂ। ਸਮਾਜਿਕ ਮੀਡੀਆ ਪਲੇਟਫਾਰਮਾਂ ਜਾਂ ਆਪਣੀ ਕਮਿਊਨਿਟੀ ਵਿਚ ਛੋਟੇ-ਛੋਟੇ ਕੈਂਪ ਲਗਾ ਕੇ, ਅਸੀਂ ਲੋਕਾਂ ਨੂੰ ਇਸ ਪਹਿਲ ਦੀ ਮਹੱਤਤਾ ਬਾਰੇ ਜਾਣੂ ਕਰਵਾ ਸਕਦੇ ਹਾਂ। ਹਰ ਸਾਲ ਅਕਸਰ ਬੇਮਤਲਬ ਪੁਰਾਣੇ ਕੱਪੜੇ ਸਾਡੇ ਘਰਾਂ 'ਚ ਪਏ ਰਹਿੰਦੇ ਹਨ, ਜਿਨ੍ਹਾਂ ਨੂੰ ਇਕ ਨਵੇਂ ਮਕਸਦ ਲਈ ਵਰਤਿਆ ਜਾ ਸਕਦਾ ਹੈ। ਇਹ ਕੋਸ਼ਿਸ਼ ਸਿਰਫ਼ ਦਾਨ ਦੀ ਗੱਲ ਹੀ ਨਹੀਂ ਸਗੋਂ ਇਕ ਮਨੁੱਖੀ ਫਰਜ਼ ਨਿਭਾਉਣ ਦੀ ਗੱਲ ਵੀ ਹੈ।

-ਬਲਦੇਵ ਸਿੰਘ ਬੇਦੀ
ਜਲੰਧਰ।