JALANDHAR WEATHER

31-01-2025

 ਸਖ਼ਤ ਕਦਮ ਚੁੱਕਣ ਦੀ ਲੋੜ

ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਅਵਾਰਾ ਕੁੱਤਿਆਂ ਨੇ ਬੱਚਿਆਂ ਨੂੰ ਵੱਢ ਲਿਆ। ਮੁੱਲਾਂਪੁਰ ਦਾਖਾ ਵਿਖੇ ਘਰ ਬਾਹਰ ਖੜੇ 11 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਕੁਝ ਦਿਨ ਪਹਿਲਾਂ ਖੰਨਾ ਸ਼ਹਿਰ ਵਿਚ 2 ਸਾਲਾ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਹਾਲ ਹੀ ਵਿਚ ਅੰਮ੍ਰਿਤਸਰ ਵਿਖੇ ਅਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਚੁੱਕਿਆ ਤੇ ਕਿੱਥੇ ਦੂਰ ਲੈ ਗਏ ਤੇ ਉੱਥੇ ਨੋਚ-ਨੋਚ ਕੇ ਮਾਰ ਦਿੱਤਾ। ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਝੁੰਡ ਦੇ ਝੁੰਡ ਅਵਾਰਾ ਕੁੱਤੇ ਗਲੀਆਂ, ਸ਼ਹਿਰਾਂ ਵਿਚ ਘੁੰਮਦੇ ਹਨ। ਪਾਰਕਾਂ ਵਿਚ ਤਾਂ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ। ਰਾਤ ਨੂੰ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਰਾਹਗੀਰ ਆਪਣੇ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਇਹ ਅਵਾਰਾ ਕੁੱਤੇ ਝੁੰਡ ਬਣਾ ਕੇ ਉਸ 'ਤੇ ਹਮਲਾ ਕਰ ਦਿੰਦੇ ਹਨ ਤੇ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ। ਸਾਰਾ ਦਿਨ ਹੱਡਾ-ਰੋੜੀਆਂ ਵਿਚ ਇਹ ਅਵਾਰਾ ਕੁੱਤੇ ਜਾਨਵਰਾਂ ਦਾ ਮਾਸ ਖਾਂਦੇ ਹਨ ਤੇ ਫਿਰ ਲੋਕਾਂ ਨੂੰ ਵੱਢਦੇ ਹਨ। ਖ਼ਬਰ ਵੀ ਛਪੀ ਸੀ ਕਿ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਘਰਵਾਲੀ ਨੂੰ ਕੁੱਤੇ ਨੇ ਵੱਢ ਦਿੱਤਾ। ਭਾਵੇਂ ਅਵਾਰਾ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ, ਪਰ ਪ੍ਰਸ਼ਾਸਨ ਨੂੰ ਇਨ੍ਹਾਂ ਤੋਂ ਨਿਜਾਤ ਦਿਵਾਉਣ ਲਈ ਕੋਈ ਪਹਿਲ ਤਾਂ ਕਰਨੀ ਚਾਹੀਦੀ ਹੈ। ਟੈਲੀਵਿਜ਼ਨਾਂ 'ਤੇ ਹਰ ਪਾਰਟੀ ਦੇ ਨੁਮਾਇੰਦੇ ਬਹਿਸਾਂ ਤਾਂ ਕਰਦੇ ਹਨ ਕਿਉਂ ਅਜਿਹੇ ਮੁੱਦਿਆਂ 'ਤੇ ਬਹਿਸ ਨਹੀਂ ਕੀਤੀ ਜਾਂਦੀ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ

ਸਾਵਧਾਨੀ ਨਾਲ ਵਰਤੋ ਗੈਸ ਗੀਜ਼ਰ

ਅਸੀਂ ਘਰਾਂ ਵਿਚ ਸਰਦੀ ਤੋਂ ਬਚਣ ਲਈ ਬਿਜਲੀ, ਗੈਸ ਵਾਲੇ, ਲੱਕੜ ਅਤੇ ਕੋਲੇ ਨਾਲ ਚੱਲਣ ਵਾਲੇ ਯੰਤਰਾਂ ਦਾ ਇਸਤੇਮਾਲ ਕਰਦੇ ਹਾਂ। ਸਾਨੂੰ ਇਨ੍ਹਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਲਾਪ੍ਰਵਾਹੀ ਮਨੁੱਖੀ ਜਾਨਾਂ 'ਤੇ ਭਾਰੀ ਪੈ ਜਾਂਦੀ ਹੈ! ਅਸੀਂ ਨਹਾਉਣ ਲਈ ਪਾਣੀ ਗਰਮ ਕਰਦੇ ਸਮੇਂ ਗੈਸ ਗੀਜ਼ਰ ਦੀ ਵਰਤੋਂ ਕਰਦੇ ਹਨ! ਸਾਨੂੰ ਬਾਥਰੂਮਾਂ ਵਿਚ ਲੱਗੇ ਗੈਸ ਨਾਲ ਚੱਲਣ ਵਾਲੇ ਗੀਜ਼ਰ ਦੀ ਵਰਤੋਂ ਗ਼ਰਮ ਪਾਣੀ ਦੀ ਬਾਲਟੀ ਜਾਂ ਕੋਈ ਟੱਬ ਵਗੈਰਾ ਇਕ ਵਾਰ ਭਰ ਕੇ ਨਹਾਉਣ ਸਮੇਂ ਗੈਸ ਗੀਜ਼ਰ ਬੰਦ ਕਰ ਦੇਣਾ ਚਾਹੀਦਾ ਹੈ। ਕਈ ਵਾਰ ਅਸੀਂ ਨਹਾਉਂਦੇ ਸਮੇਂ ਗੈਸ ਗੀਜ਼ਰ ਚਲਦਾ ਰੱਖ ਲੈਂਦੇ ਹਾਂ। ਗ਼ਰਮ ਪਾਣੀ ਦੀ ਭਾਫ ਅਤੇ ਗੈਸ ਗੀਜ਼ਰ ਦੀ ਗੈਸ ਮਿਲ ਕੇ ਇਕ ਬਹੁਤ ਹੀ ਜ਼ਹਿਰੀਲੀ ਬਣ ਜਾਂਦੀ ਹੈ। ਇਹ ਬੰਦ ਬਾਥਰੂਮ ਵਿਚ ਨਹਾਉਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਜ਼ਹਿਰੀਲੀ ਗੈਸ ਚੜਨ ਕਰਕੇ ਕਦੋਂ ਬੇਹੋਸ਼ ਹੋ ਜਾਂਦਾ ਹੈ। ਜੇਕਰ ਕਿਸੇ ਪਰਿਵਾਰਕ ਮੈਂਬਰ ਨੂੰ ਸਮੇਂ ਸਿਰ ਪਤਾ ਨਾ ਲੱਗੇ ਤਾਂ ਨਹਾਉਣ ਵਾਲੇ ਦੀ ਮੌਤ ਵੀ ਹੋ ਜਾਂਦੀ ਹੈ। ਅਜਿਹੀਆਂ ਖ਼ਤਰਨਾਕ ਅਤੇ ਮੰਦਭਾਗੀਆਂ ਘਟਨਾਵਾਂ ਬਹੁਤ ਵਾਪਰ ਚੁੱਕੀਆਂ ਹਨ। ਬਹੁਤ ਸਾਰੇ ਲੋਕ ਸਰਦੀ ਤੋਂ ਬਚਣ ਲਈ ਆਪਣੇ ਕਮਰਿਆਂ ਵਿਚ ਕੋਲੇ ਜਾਂ ਲੱਕੜਾਂ ਦੀ ਅੰਗੀਠੀ ਵਿਚ ਅੱਗ ਬਾਲ ਕੇ ਸੇਕਣ ਲੱਗ ਜਾਂਦੇ ਹਾਂ ਤੇ ਜਲਦੀ ਹੋਈ ਅੰਗੀਠੀ ਨੂੰ ਸੋਂਦੇ ਸਮੇਂ ਆਪਣੇ ਕਮਰੇ ਵਿਚ ਰੱਖ ਕੇ ਸੌਂ ਜਾਂਦੇ ਹਾਂ। ਫਿਰ ਬੰਦ ਕਮਰੇ ਵਿਚ ਜ਼ਹਿਰੀਲੀ ਗੈਸ ਬਣ ਜਾਂਦੀ ਹੈ। ਜਿੰਨੇ ਵੀ ਲੋਕ ਬੰਦ ਕਮਰੇ ਵਿਚ ਅੰਗੀਠੀ ਜਲਾ ਕੇ ਸੌਂਦੇ ਹਨ। ਉਹ ਹੌਲੀ ਬੇਹੋਸ਼ ਹੋ ਕੇ ਆਪਣੀ ਜਾਨ ਗਵਾ ਲੈਂਦੇ ਹਨ। ਇਸੇ ਤਰ੍ਹਾਂ ਕਈ ਲੋਕ ਪਾਣੀ ਗ਼ਰਮ ਕਰਦੇ ਸਮੇਂ ਬਿਜਲੀ ਨਾਲ ਚੱਲਣ ਵਾਲੇ ਗੀਜ਼ਰ ਦੀ ਵਰਤੋਂ ਕਰਨ ਦੀ ਬਜਾਏ, ਬਿਜਲੀ ਵਾਲੇ ਰਾਡ ਜਾਂ ਕੋਈ ਹੋਰ ਦੇਸੀ ਜੁਗਾੜ ਦੀ ਵਰਤੋ ਕਰਦੇ ਹਨ ਜੋ ਗਲਤ ਹੈ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਸੋਸ਼ਲ ਮੀਡੀਏ 'ਤੇ ਨਕੇਲ ਦੀ ਤਿਆਰੀ

ਨੌਜਵਾਨ ਖ਼ਾਸ ਕਰਕੇ ਬੱਚਿਆਂ ਵਿਚ ਸੋਸ਼ਲ ਮੀਡੀਏ ਦੇ ਵਧ ਰਹੇ ਪ੍ਰਭਾਵ ਨੂੰ ਘਟ ਕਰਨ ਲਈ ਆਸਟ੍ਰੇਲੀਆ ਤੋਂ ਬਾਅਦ ਭਾਰਤ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿਚ ਜੇਕਰ ਬੱਚਾ ਸੋਸ਼ਲ ਮੀਡੀਆ ਸਾਈਟਸ 'ਤੇ ਕੋਈ ਅਕਾਊਂਟ ਬਣਾਉਂਦਾ ਹੈ ਤਾਂ ਉਸਨੂੰ ਆਪਣੇ ਮਾਪਿਆਂ ਤੋਂ ਇਜਾਜ਼ਤ ਲੈਣੀ ਹੋਵੇਗੀ। ਇਹ ਨੀਤੀ ਸਹੀ ਅਤੇ ਕਾਰਗਰ ਸਾਬਿਤ ਹੋ ਸਕਦੀ ਹੈ ਪਰੰਤੂ ਅਜੋਕੇ ਸਮੇਂ ਵਿਚ ਜਦੋਂ ਏ.ਆਈ. ਤਕਨੀਕ ਦੀ ਮਦਦ ਨਾਲ ਜਾਅਲੀ ਅਕਾਊਂਟ ਬਣਾਉਣੇ ਅਤੇ ਮਾਤਾ-ਪਿਤਾ ਤੋਂ ਇਜਾਜ਼ਤ ਲੈਣੀ ਕੋਈ ਵੱਡੀ ਗੱਲ ਨਹੀਂ। ਉਸ ਸਮੇਂ ਕਿਵੇਂ ਬੱਚਿਆਂ ਨੂੰ ਸੋਸ਼ਲ ਮੀਡੀਏ ਦੇ ਪ੍ਰਭਾਵ ਤੋਂ ਦੂਰ ਰੱਖਿਆ ਜਾ ਸਕਦਾ ਹੈ, ਇਹ ਦੇਖਣਾ ਹੋਵੇਗਾ। ਬੀਤੇ ਸਾਲ ਆਸਟ੍ਰੇਲੀਆ ਨੇ ਵੀ ਆਪਣੇ ਦੇਸ਼ ਦੇ ਬੱਚਿਆਂ ਤੇ ਸੋਸ਼ਲ ਮੀਡੀਏ ਦੇ ਪ੍ਰਭਾਵ ਨੂੰ ਘਟਾਉਣ ਲਈ ਪਾਬੰਦੀ ਲਗਾਈ ਹੈ ਇਹ ਕਿੰਨਾ ਕਾਰਗਰ ਸਾਬਿਤ ਹੋਇਆ, ਇਸ ਬਾਰੇ ਵੀ ਕੋਈ ਰਿਪੋਰਟ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਸੋਸ਼ਲ ਮੀਡੀਆ ਦਿਨੋਂ ਦਿਨ ਬੱਚਿਆਂ ਦੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਕਰਦਾ ਹੋਇਆ ਜਿਥੇ ਉਨ੍ਹਾਂ ਦਾ ਕੀਮਤੀ ਬਚਪਨ ਖੋਹ ਰਿਹਾ ਹੈ, ਉਥੇ ਉਨ੍ਹਾਂ ਨੂੰ ਖੇਡਾਂ ਅਤੇ ਪੜ੍ਹਾਈ ਤੋਂ ਦੂਰ ਕਰਕੇ ਕੁਰਾਹੇ ਪਾ ਕੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਬਰਬਾਦ ਕਰ ਰਿਹਾ ਹੈ। ਸੋਸ਼ਲ ਮੀਡੀਏ ਦੇ ਪ੍ਰਭਾਵ ਨੂੰ ਘਟਾਉਣ ਲਈ ਕੇਵਲ ਕਾਨੂੰਨ ਦਾ ਸਹਾਰਾ ਨਹੀਂ ਲਿਆ ਜਾ ਸਕਦਾ, ਇਸ ਵਿਚ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਬੱਚਿਆਂ ਨੂੰ ਸੋਸ਼ਲ ਮੀਡੀਏ ਦੀ ਸੁਚੱਜੀ ਅਤੇ ਘੱਟ ਤੋਂ ਘੱਟ ਵਰਤੋਂ ਸੰਬੰਧੀ ਪ੍ਰੇਰਿਤ ਕਰਨਾ ਹੋਵੇਗਾ ਇਸ ਵਿਚ ਸਮਾਜਿਕ ਕਾਰਕੁਨਾਂ ਅਤੇ ਸੰਚਾਰ ਦੇ ਸਾਧਨਾਂ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ।

-ਰਜਵਿੰਦਰ ਪਾਲ ਸ਼ਰਮਾ

ਸੜਾਂਦ ਮਾਰਦੇ ਛੱਪੜ

ਪੰਜਾਬ ਦੀ ਧਰਤੀ ਗੁਰੂ, ਪੀਰਾਂ, ਫਕੀਰਾਂ ਦੀ ਧਰਤੀ ਹੈ ਅਤੇ ਗੁਰੂ ਸਾਹਿਬ ਨੇ ਪਾਣੀ ਨੂੰ ਪਿਤਾ ਦਾ ਉੱਚ ਦਰਜਾ ਦਿੱਤਾ ਹੈ ਪਰ ਅਜੋਕੇ ਸਮੇ ਪਦਾਰਥਵਾਦੀ ਸੋਚ ਨੇ ਪਾਣੀ ਵਿਚ ਗੰਦ ਪਾਉਣ ਸੀ ਕੋਈ ਕਸਰ ਨਹੀ ਛੱਡੀ।ਪਿੰਡਾਂ ਦੇ ਛੱਪੜਾਂ ਨੂੰ ਕਦੇ 'ਜਲ ਦੇਵਤਾ' ਕਿਹਾ ਜਾਂਦਾ ਸੀ ਪਰ ਮੌਜੂਦਾ ਸਮੇਂ ਫਲੱਸ਼ ਲੈਟਰੀਨਾਂ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅਤੇ ਪਸ਼ੂਆਂ ਦਾ ਗੋਹਾ ਨਾਲੀਆਂ ਵਿਚ ਰੋੜਨ ਕਰਨ ਛੱਪੜ ਕਿਸੇ ਨਰਕ ਨਾਲੋਂ ਘੱਟ ਨਹੀਂ।ਜਿਥੇ ਫੈਕਟੀਆ ਅਤੇ ਸ਼ਹਿਰੀ ਆਬਾਦੀ ਨੇ ਦਰਿਆਵਾਂ ਦਾ ਪਾਣੀ ਬੁਰੀ ਤਰਾਂ ਪਲੀਤ ਕੀਤਾ ਉਥੇ ਪਿੰਡਾਂ ਵਾਲਿਆਂ ਨੇ ਛੱਪੜਾਂ ਨੂੰ ਗੰਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਭਾਰਤ ਅਤੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਸਵੱਛ ਮੁਹਿੰਮ ਦਾ ਆਗਾਜ਼ ਕੀਤਾ ਪਰ ਪ੍ਰਸ਼ਾਸਨ ਦੇ ਅਵੇਸਲੇਪਣ ਤੇ ਲੋਕਾਂ ਦੀ ਕੁਦਰਤ ਪ੍ਰਤੀ ਨਜ਼ਰ ਸਵੱਲੀ ਨਾ ਹੋਣ ਕਾਰਨ ਪੰਜਾਬ ਵਿਚ ਸਵੱਛਤਾ ਨੂੰ ਗ੍ਰਹਿਣ ਲੱਗਿਆ ਹੋਇਆ ਹੈ, ਪਾਣੀ ਦੀ ਬੇਲੋੜੀ ਵਰਤੋਂ ਪ੍ਰਤੀ ਹਰ ਇਕ ਇਨਸਾਨ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿਉਕਿ 'ਜਲ ਹੀ ਜੀਵਨ ਹੈ।

'-ਰਾਮ ਸਿੰਘ ਕਲਿਆਣ
ਪਿੰਡ ਕਲਿਆਣ ਸੁੱਖਾ (ਬਠਿੰਡਾ)