JALANDHAR WEATHER

06-01-2025

 ਧੋਖਾਧੜੀ ਤੋਂ ਰਹੋ ਸੁਚੇਤ

ਅਜੋਕੇ ਸਮੇਂ ਵਿਚ ਠੱਗੀ ਤੇ ਧੋਖਾਧੜੀ ਦੇ ਨਿੱਤ ਨਵੇਂ ਤਰੀਕੇ ਆ ਰਹੇ ਹਨ। ਜਿਨ੍ਹਾਂ ਤੋਂ ਸੁਚੇਤ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਬੀਤੇ ਦਿਨ ਵੀ ਵਾਇਰਲ ਹੋ ਰਹੀ ਇਕ ਖ਼ਬਰ ਜਿਸ ਵਿਚ ਮੋਗਾ ਦਾ ਜਨਮਿਆ ਤੇ ਦੁਬਈ ਤੋਂ ਪਰਤਿਆ ਦੀਪਕ ਵੀ ਧੋਖੇ ਦਾ ਸ਼ਿਕਾਰ ਹੋ ਗਿਆ। ਦੀਪਕ ਦੀ 3 ਸਾਲ ਪਹਿਲਾਂ ਸੋਸ਼ਲ ਮੀਡੀਏ 'ਤੇ ਇਕ ਲੜਕੀ ਨਾਲ ਦੋਸਤੀ ਹੋ ਗਈ ਅਤੇ ਪਿਆਰ ਵਿਚ ਬਦਲ ਕੇ ਵਿਆਹ ਤੱਕ ਪੁੱਜ ਗਈ, ਲੜਕੀ ਦੀ ਸ਼ਰਤ ਸੀ ਕਿ ਉਹ ਵਿਆਹ ਤੋਂ ਪਹਿਲਾਂ ਆਪਣਾ ਮੂੰਹ ਨਹੀਂ ਦਿਖਾਏਗੀ। ਲੜਕਾ ਫਿਰ ਵੀ ਮੰਨ ਗਿਆ। ਪਿਆਰ ਅੰਨ੍ਹਾਂ ਹੁੰਦਾ ਹੈ ਸਿਰਫ਼ ਸੁਣਿਆ ਸੀ, ਅੱਜ ਦੇਖ ਵੀ ਲਿਆ। ਆਪਣੇ ਆਪ ਨੂੰ ਵਕੀਲ ਦੱਸਣ ਵਾਲੀ ਲੜਕੀ ਮਨਪ੍ਰੀਤ ਨੇ ਵਿਆਹ ਦੇ ਪ੍ਰਬੰਧਾਂ ਲਈ ਦੀਪਕ ਤੋਂ 50,000 ਰੁਪਏ ਲਏ। ਜਦੋਂ ਦੀਪਕ ਡੇਢ ਸੌ ਬਰਾਤੀਆਂ ਨਾਲ ਬਾਰਾਤ ਲੈ ਕੇ ਪਹੁੰਚਿਆ ਤਾਂ ਉਹ ਪੈਲੇਸ ਹੀ ਸ਼ਹਿਰ ਵਿਚ ਮੌਜੂਦ ਨਹੀਂ ਸੀ, ਜਿਥੇ ਵਿਆਹ ਹੋਣਾ ਸੀ। ਦੀਪਕ ਨੇ ਮਨਪ੍ਰੀਤ ਨਾਲ ਗੱਲ ਕਰਨੀ ਚਾਹੀ ਤਾਂ ਫ਼ੋਨ ਬੰਦ ਆ ਰਿਹਾ ਸੀ। ਦੀਪਕ ਧੋਖਾਧੜੀ ਦਾ ਸ਼ਿਕਾਰ ਹੋ ਚੁੱਕਿਆ ਸੀ। ਦੀਪਕ ਨੇ ਪੁਲਿਸ ਥਾਣੇ ਵਿਚ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਪਰੰਤੂ ਅਜੇੇ ਤੱਕ ਲੜਕੀ ਅਤੇ ਧੋਖਾ ਕਰਨ ਵਾਲਿਆਂ ਦੀ ਕੋਈ ਉੱਘ ਸੁੱਘ ਨਹੀਂ ਮਿਲੀ। ਇਹ ਕੋਈ ਪਹਿਲੀ ਘਟਨਾ ਨਹੀਂ ਡਿਜੀਟਲ ਅਰੈਸਟ ਵਰਗੀਆਂ ਘਟਨਾਵਾਂ ਰੋਜ਼ ਵਾਪਰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਏ ਨੇ ਆਪਣਿਆਂ ਵਿਚ ਦਰਾਰਾਂ ਪਾ ਕੇ ਅਣਜਾਣ ਲੋਕਾਂ ਵੱਲ ਖਿੱਚ ਨੂੰ ਵਧਾਇਆ ਹੈ। ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਕੁਝ ਸਮੇਂ ਵਿਚ ਹੀ ਅਸੀਂ ਉਨ੍ਹਾਂ ਨੂੰ ਆਪਣੇ ਬਣਾ ਕੇ ਸਭ ਕੁਝ ਗਵਾ ਲੈਂਦੇ ਹਾਂ। ਸੋਸ਼ਲ ਮੀਡੀਏ ਦੀ ਵਰਤੋਂ ਕਰਦੇ ਸਮੇਂ ਅਣਜਾਣ ਵਿਅਕਤੀਆਂ ਨੂੰ ਆਪਣੀ ਨਿੱਜੀ ਜਾਣਕਾਰੀ ਦੱਸਣਾ ਧੋਖਾਧੜੀ ਦੀ ਪਹਿਲੀ ਪੌੜੀ ਹੈ।

-ਰਜਵਿੰਦਰ ਪਾਲ ਸ਼ਰਮਾ

ਓਵਰਲੋਡ ਵਾਹਨਾਂ ਦੀ ਸਮੱਸਿਆ

ਸੜਕਾਂ 'ਤੇ ਦਿਨੋ-ਦਿਨ ਓਵਰਲੋਡ ਵਾਹਨਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ। ਸਾਨੂੰ ਸੜਕਾਂ 'ਤੇ ਸਫ਼ਰ ਕਰਦੇ ਸਮੇਂ ਕਿਤੇ ਨਾ ਕਿਤੇ ਓਵਰਲੋਡ ਟਰੈਕਟਰਾਂ ਟਰਾਲੀਆਂ, ਟਰੱਕਾਂ ਆਦਿ ਵਾਹਨਾਂ ਨਾਲ ਐਕਸੀਡੈਂਟ ਵੇਖਣ ਨੂੰ ਜ਼ਰੂਰ ਮਿਲਦੇ ਹਨ। ਜਿਥੇ ਇਹ ਵਾਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਉਥੇ ਇਹ ਮਨੁੱਖੀ ਜਾਨਾਂ ਨਾਲ ਵੀ ਖਿਲਵਾੜ ਕਰ ਰਹੇ ਹਨ। ਇਨ੍ਹਾਂ ਵਾਹਨਾਂ ਕਾਰਨ ਸੜਕਾਂ 'ਤੇ ਅਕਸਰ ਲੰਮੇ ਜਾਮ ਲੱਗ ਜਾਂਦੇ ਹਨ ਤੇ ਕਈ ਵਾਰ ਸੜਕਾਂ 'ਤੇ ਲੰਘਦੇ ਹੋਰ ਵਾਹਨ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ। ਰਾਤ ਸਮੇਂ ਚੱਲਦਿਆਂ ਵੀ ਇਹ ਵਾਹਨ ਢੁੱਕਵੀਆਂ ਲਾਈਟਾਂ, ਇੰਡੀਕੇਟਰਾਂ ਆਦਿ ਤੋਂ ਬਗ਼ੈਰ ਚੱਲਦੇ ਹਨ, ਜਿਸ ਕਰਕੇ ਰਾਤ ਦਾ ਸਫ਼ਰ ਕਰਨਾ ਲੋਕਾਂ ਲਈ ਖ਼ਤਰਿਆਂ ਭਰਿਆ ਬਣਿਆ ਰਹਿੰਦਾ ਹੈ। ਇਨ੍ਹਾਂ ਓਵਰਲੋਡ ਵਾਹਨਾਂ 'ਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।

-ਗੁਰਪ੍ਰੀਤ ਸਿੰਘ ਗਿੱਲ
ਸ੍ਰੀ ਮੁਕਤਸਰ ਸਾਹਿਬ

ਨੌਜਵਾਨ ਵਿਹੂਣਾ ਪੰਜਾਬ

ਪੰਜਾਬ ਦਾ ਬਹੁਤਾ ਕੰਮ-ਕਾਰ ਅੱਜ ਕੱਲ੍ਹ ਪ੍ਰਵਾਸੀਆਂ ਨੇ ਸਾਂਭ ਰੱਖਿਆ ਹੈ। ਸਬਜ਼ੀਆਂ ਦੀਆਂ ਰੇਹੜੀਆਂ, ਆਟੋ, ਮਜ਼ਦੂਰ-ਮਿਸਤਰੀ ਦਾ ਕੰਮ, ਟਾਈਲਾਂ ਦਾ ਕੰਮ, ਫੈਕਟਰੀਆਂ ਜਾਂ ਹੋਰ ਪੰਜਾਬ ਦੇ ਸਾਰੇ ਕੰਮ ਅੱਜ ਕੱਲ ਪ੍ਰਵਾਸੀਆਂ ਨੇ ਹੀ ਸਾਂਭੇ ਹੋਏ ਹਨ। ਦੂਜੇ ਪਾਸੇ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਫੈਲੇ ਵੱਡੀ ਪੱਧਰ 'ਤੇ ਨਸ਼ਿਆਂ, ਰੁਜ਼ਗਾਰ ਦੀ ਘਾਟ ਅਤੇ ਸਿਸਟਮ ਦੀ ਖ਼ਰਾਬੀ ਤੋਂ ਅੱਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ।
ਮਾਪੇ ਆਪਣੇ ਲੜਕੇ ਜਾਂ ਲੜਕੀ ਨੂੰ 12ਵੀਂ ਕਰਾਉਣ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ।
ਇਸ ਤਰ੍ਹਾਂ ਦੇ ਬਣੇ ਰੁਝਾਨ ਕਾਰਨ ਜਿਥੇ ਪੰਜਾਬ ਵਿਚ ਅਨੇਕਾਂ ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਬਾਝੋਂ ਉੱਲੂ ਬੋਲਦੇ ਨਜ਼ਰ ਆ ਰਹੇ ਹਨ, ਉਥੇ ਪੰਜਾਬ ਵਿਚ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਕੱਲੇ-ਇਕੱਲੇ ਬੱਚਿਆਂ ਦੇ ਬਾਹਰ ਜਾਣ ਕਾਰਨ ਇਥੇ ਬੁੱਢੇ ਮਾਪੇ ਆਪਣੇ ਬੱਚਿਆਂ ਦੇ ਵਿਛੋੜੇ ਦਾ ਸੰਤਾਪ ਹੰਢਾਅ ਰਹੇ ਹਨ। ਹੁਣ ਤਾਂ ਪਿੰਡਾਂ ਵਿਚ ਵੀ ਘਰ ਸੁੰਨਸਾਨ ਪਏ ਨਜ਼ਰ ਆਉਂਦੇ ਹਨ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਰਹਿੰਦਾ ਹੈ ਤਾਂ ਬਜ਼ੁਰਗ ਹੀ ਰਹਿੰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਸਮਾਂ ਰਹਿੰਦੇ ਪੰਜਾਬ ਅੰਦਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਇਹ ਪੰਜਾਬ ਨੌਜਵਾਨ ਵਿਹੂਣਾ ਪੰਜਾਬ ਹੀ ਬਣ ਕੇ ਰਹਿ ਜਾਵੇਗਾ।

-ਅਸ਼ੀਸ਼ ਸ਼ਰਮਾ
ਜਲੰਧਰ।

ਮੁਫ਼ਤ ਰਾਸ਼ਨ

ਮੁਫ਼ਤ ਰਾਸ਼ਨ 'ਤੇ ਮਾਣਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ। ਦੇਸ਼ 'ਚ 81 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਕਿੰਨਾ ਚੰਗਾ ਹੋਵੇ ਮੁਫ਼ਤ ਰਾਸ਼ਨ ਦੀ ਬਜਾਏ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਮੁਫ਼ਤ ਦੀਆਂ ਰਿਊੜੀਆਂ ਵੰਡਣ ਦੇ ਵਾਅਦੇ ਕਰ ਕੇ ਸੱਤਾ ਹਥਿਆਉਂਦੀਆਂ ਹਨ।
ਪੰਜਾਬ ਦੇ ਸਿਰ ਮੁਫ਼ਤ ਦੀਆਂ ਇਨ੍ਹਾਂ ਸਹੂਲਤਾਂ ਕਾਰਨ ਹੀ ਕਰਜ਼ਾ ਚੜ੍ਹਿਆ ਹੈ। ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਨੂੰ ਭੱਜ ਰਹੀ ਹੈ। ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ। ਗ਼ਰੀਬ ਮਰੀਜ਼ ਇਲਾਜ ਖੁਣੋ ਖੱਜਲ ਖੁਆਰ ਹੋ ਕੇ ਮਰ ਰਹੇ ਹਨ। ਜੇਕਰ ਸਰਕਾਰਾਂ ਨੇ ਮੁਫ਼ਤ ਵਿਚ ਕੁਝ ਦੇਣਾ ਹੈ ਤਾਂ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਅਤੇ ਮੁਫ਼ਤ ਪੜ੍ਹਾਈ ਦਿੱਤੀ ਜਾਵੇ। ਨੌਜਵਾਨਾ ਨੂੰ ਰੁਜ਼ਗਾਰ ਦਿੱਤਾ ਜਾਵੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ

ਬੱਚਿਆਂ 'ਚ ਵਧ ਰਿਹਾ ਨਸ਼ਿਆਂ ਦਾ ਰੁਝਾਨ

ਸਰਕਾਰ ਨੇ ਪਿਛਲੇ ਸਾਲ ਮਾਣਯੋਗ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ 'ਚ 10 ਤੋਂ 17 ਸਾਲ ਉਮਰ ਵਰਗ ਦੇ 1 ਕਰੋੜ, 58 ਲੱਖ ਬੱਚੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਜ਼ਰਦਾ, ਬੀੜੀਆਂ, ਸਿਗਰਟਾਂ, ਅਫ਼ੀਮ, ਤੰਬਾਕੂ, ਹੈਰੋਇਨ, ਭੰਗ, ਚਿੱਟਾ ਅਤੇ ਹੋਰ ਸਿੰਥੈਟਿਕ ਨਸ਼ੇ, ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ, ਨਸ਼ੀਲੇ ਟੀਕੇ, ਕਈ ਤਰ੍ਹਾਂ ਦੀਆਂ ਖੰਘ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਕਿਰਲੀ ਮਾਰ ਕੇ, ਡੱਡੂ ਮਾਰ ਕੇ, ਨਸ਼ੇ ਵਜੋਂ ਵਰਤਦੇ ਹਨ।
ਇਕ ਸਰਵੇ ਤੋਂ ਪਤਾ ਲੱਗਾ ਹੈ ਕਿ ਪਿਛਲੇ ਵੀਹ ਸਾਲਾਂ ਦੌਰਾਨ ਭਾਰਤ 'ਚ ਸ਼ਰਾਬ ਦੀ ਵਰਤੋਂ 'ਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਨੈਸ਼ਨਲ ਕ੍ਰਾਈਮ ਬਿਊਰੋ ਅਨੁਸਾਰ ਭਾਰਤ ਵਿਚ ਹਰ ਸਾਲ 6,000 ਲੋਕ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ। ਹਰ ਸਾਲ ਕਈ ਤਰ੍ਹਾਂ ਦੇ ਨਸ਼ਿਆਂ ਦੀ ਖਬਤ ਵਧ ਰਹੀ ਹੈ। ਪੰਜਾਬ ਵਿਚ ਤਕਰੀਬਨ ਹਰ ਮਹੀਨੇ 120 ਦੇ ਲਗਭਗ ਮੁੰਡੇ ਆਪਣੇ ਜੀਵਨ ਤੋਂ ਹੱਥ ਧੋ ਲੈਂਦੇ ਹਨ। ਨਸ਼ਿਆਂ ਦੇ ਸੇਵਨ ਨਾਲ ਕਾਲਾ ਪੀਲੀਆ, ਏਡਜ਼, ਜਿਗਰ ਦਾ ਕੈਂਸਰ, ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨੀ ਨੂੰ ਬਚਾਵੇ।

-ਡਾ. ਨਰਿੰਦਰ ਭੱਪਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।