01-01-2025
ਜਾਨਲੇਵਾ ਚਾਈਨਾ ਡੋਰ
ਸਰਕਾਰ ਵਲੋਂ ਬੇਸ਼ੱਕ ਚਾਈਨਾ ਡੋਰ ਦੀ ਵਿਕਰੀ 'ਤੇ ਮਨਾਹੀ ਹੈ ਬਹੁਤ ਸਾਰੇ ਦੁਕਾਨਦਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤਹਿਤ ਭਾਰੀ ਜੁਰਮਾਨੇ ਵੀ ਕੀਤੇ ਜਾਂਦੇ ਹਨ, ਪਰ ਫਿਰ ਵੀ ਬਾਜ਼ਾਰਾਂ ਵਿਚ ਇਹ ਆਮ ਡੋਰ ਦੀ ਤਰ੍ਹਾਂ ਹੀ ਦੁੱਗਣੇ, ਚੌਗਣੇ ਰੇਟਾਂ ਵਿਚ ਵਿਕ ਰਹੀ ਹੈ। ਇਸ ਡੋਰ ਨਾਲ ਹਰ ਸਾਲ ਵੱਖ-ਵੱਖ ਥਾਵਾਂ 'ਤੇ ਘਟਨਾਵਾਂ ਹੁੰਦੀਆਂ ਰਹੀਆਂ ਹਨ। ਇਸ ਦੇ ਬਾਵਜੂਦ ਇਸ ਦੌਰ ਤੇ ਅੱਜ ਤੱਕ ਮੁਕੰਮਲ ਪਾਬੰਦੀ ਨਹੀਂ ਲੱਗ ਸਕੀ। ਨੌਜਵਾਨਾਂ ਵਿਚ ਵੀ ਇਸ ਡੋਰ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਿਆ ਜਾਂਦਾ ਹੈ। ਉਹ ਸਿਰਫ਼ ਆਪਣੀ ਮੌਜ ਮਸਤੀ ਬਾਰੇ ਹੀ ਸੋਚਦੇ ਹਨ, ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਨਹੀਂ ਸੋਚਦੇ। ਇਸ ਡੋਰ ਨਾਲ ਮਨੁੱਖ ਹੀ ਨਹੀਂ ਜਾਨਵਰਾਂ ਨੂੰ ਵੀ ਨੁਕਸਾਨ ਸਹਿਣਾ ਪੈਂਦਾ ਹੈ। ਇਸ ਖ਼ਤਰਨਾਕ ਡੋਰ ਨਾਲ ਹੁਣ ਤੱਕ ਕਾਫ਼ੀ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਇਸ ਡੋਰ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਸਰਕਾਰਾਂ ਜਦੋਂ ਇਸ ਚਾਈਨਾ ਡੋਰ 'ਤੇ ਰੋਕ ਲਗਾਉਂਦੀ ਹੈ ਤਾਂ ਇਸ ਰੋਕ ਦਾ ਅਸਰ ਕੇਵਲ ਫਾਈਲਾਂ ਅੰਦਰ ਹੀ ਨਜ਼ਰ ਆਉਂਦਾ ਹੈ। ਬਾਜ਼ਾਰਾਂ ਵਿਚ ਤਾਂ ਚੋਰੀ ਛਿਪੇ ਚਾਈਨਾ ਡੋਰ ਵਿੱਕਦੀ ਹੀ ਰਹਿੰਦੀ ਹੈ। ਜੇਕਰ ਇਸ 'ਤੇ ਰੋਕ ਲਗਾਉਣੀ ਹੈ ਤਾਂ ਸਖ਼ਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ।
-ਗੌਰਵ ਮੁੰਜਾਲ
ਪੀ.ਸੀ.ਐਸ.
ਮਹਿੰਗਾਈ ਦੀ ਮਾਰ
ਅੱਜ ਲੱਕ ਤੋੜਵੀਂ ਮਹਿੰਗਾਈ ਨੇ ਗਰੀਬ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਪਰ ਸਾਡੀ ਸਰਕਾਰ ਤਾਂ ਇੰਜ ਗੂੜ੍ਹੀ ਨੀਂਦੇ ਸੁੱਤੀ ਹੋਈ ਹੈ ਜਿਵੇਂ ਇਹ ਸਭ ਕੁਝ ਆਪਣੇ ਦੇਸ਼ ਵਿਚ ਨਹੀਂ ਕਿਤੇ ਹੋਰ ਵਾਪਰ ਰਿਹਾ ਹੋਵੇ। ਕੀ ਕਰੇ ਕੋਈ ਅੱਗੇ ਤਾਂ ਲੋਕ ਕਹਿ ਦਿੰਦੇ ਸਨ ਜੇਕਰ ਦਾਲ, ਸਬਜ਼ੀ ਨਹੀਂ ਤਾਂ ਕੂੰਡਾ, ਘੋਟਾ ਚੁੱਕੋ, ਗੰਢਾ ਕੁੱਟ ਲਵੋ ਚਟਨੀ ਨਾਲ ਗੁਜ਼ਾਰਾ ਕਰ ਲੈਨੇ ਆ ਪਰ ਅੱਜ ਦੇ ਸਮੇਂ ਵਿਚ ਤਾਂ ਕੋਈ ਅਮੀਰਜ਼ਾਦਾ ਹੀ ਚਟਨੀ ਖਾ ਸਕਦਾ ਹੈ ਕਿਉਂਕਿ ਪਿਆਜ਼ ਤਾਂ ਅਮੀਰਾਂ ਦੀ ਰਸੋਈ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਮੱਧ ਵਰਗੀ ਅਤੇ ਗ਼ਰੀਬ ਲੋਕ ਕਿੱਧਰ ਜਾਣ? ਕਿਵੇਂ ਗੁਜ਼ਾਰਾ ਕਰਨ? ਭੁੱਖੇ ਰੱਖਣ ਆਪਣੇ ਬੱਚਿਆਂ ਨੂੰ, ਕਿਉਂ ਫ਼ਿਕਰ ਨਹੀਂ ਹੈ ਆਪਣੇ ਦੇਸ਼ ਦੇ ਲੋਕਾਂ ਦਾ ਸਾਡੀ ਸਰਕਾਰ ਨੂੰ? ਇਕ ਤਾਂ ਕੜਾਕੇ ਦੀ ਠੰਢ ਨੇ ਜ਼ੋਰ ਫੜ ਲਿਆ ਹੈ ਤੇ ਉੱਤੋਂ ਮਹਿੰਗਾਈ ਦਾ ਕਹਿਰ। ਸਰਕਾਰ ਨੂੰ ਇਸ ਸਮੱਸਿਆ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
-ਅਸ਼ੀਸ਼ ਸ਼ਰਮਾ ਜਲੰਧਰ।