24-12-2024
ਬੱਚੇ-ਬੱਚੀਆਂ ਦਾ ਸ਼ੋਸ਼ਣ
ਅਜੀਤ ਦੀ ਖ਼ਬਰ ਲੁਧਿਆਣਾ 'ਚ 6 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਪੜੀ। ਦਰਿੰਦਗੀ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜ੍ਹੀ ਹੈ। ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਜਿਸ ਵਿਚ ਬੱਚਿਆਂ ਦੀਆਂ ਸੋਸ਼ਲ ਮੀਡੀਆ 'ਤੇ ਕਾਮੁਕ ਸਮੱਗਰੀ ਡਾਊਨਲੋਡ ਕਰ ਪਾਉਣ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣ ਬਾਰੇ ਫ਼ੈਸਲਾ ਸ਼ਲਾਘਾਯੋਗ ਹੈ। ਦੇਸ਼ ਵਿਚ ਬੱਚਿਆਂ ਦੇ ਸ਼ੋਸ਼ਣ ਅਤੇ ਬੱਚੀਆਂ ਨਾਲ ਜਬਰ ਜਨਾਹ ਵਿਚ ਵਧ ਰਹੇ ਜ਼ੁਰਮ ਚਿੰਤਾ ਦਾ ਵਿਸ਼ਾ ਹੈ। ਅਜਿਹੇ ਅਪਰਾਧ ਅਕਸਰ ਤੁਹਾਡੇ ਆਪਣੇ ਕਰੀਬੀ, ਗੁਆਂਢੀ, ਰਿਸ਼ਤੇਦਾਰ, ਗਾਰਡੀਅਨ, ਟੀਚਰ, ਚਪੜਾਸੀ, ਡਰਾਈਵਰ ਆਦਿ ਕਰਦੇ ਹਨ, ਜਿਨ੍ਹਾਂ 'ਤੇ ਆਪਾਂ ਹੱਦ ਤੋਂ ਜ਼ਿਆਦਾ ਯਕੀਨ ਕਰਦੇ ਹਾਂ। ਮਾਂ-ਪਿਉਂ ਨੂੰ ਹੁਣ ਆਪਣੇ ਬੱਚਿਆਂ ਦੀ ਵਧੇਰੇ ਨਿਗਰਾਨੀ ਕਰਨੀ ਪਵੇਗੀ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ ਪੁਲਿਸ।
ਸਖ਼ਤੀ ਸਥਾਈ ਹੱਲ ਨਹੀਂ
ਮਾਨਯੋਗ ਸੁਪਰੀਮ ਕੋਰਟ ਵਲੋਂ ਬੜੀ ਸਖ਼ਤੀ ਨਾਲ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਇਹ ਜਵਾਬ ਮੰਗਿਆ ਗਿਆ ਹੈ ਕਿ ਉਨ੍ਹਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਿੱਛੇ ਰਹਿੰਦੇ ਨਾੜ/ਪਰਾਲੀ ਨੂੰ ਅੱਗ ਲਗਾ ਰਹੇ ਲੋਕਾਂ 'ਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਸੋਚਣ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੂੰ ਇਸ ਸਮੱਸਿਆ ਬਾਰੇ ਦਾਖ਼ਲ ਕਿਉਂ ਦੇਣਾ ਪਿਆ? ਸਰਕਾਰਾਂ ਇਸ ਦੇ ਸਥਾਈ ਹੱਲ ਵੱਲ ਕਿਉਂ ਨਹੀਂ ਜਾ ਰਹੀਆਂ? ਪਰਾਲੀ ਨੂੰ ਅੱਗ ਲਗਾਉਣਾ ਬੇਸ਼ੱਕ ਠੀਕ ਨਹੀਂ ਹੈ। ਚਾਰੇ ਪਾਸੇ ਉੱਠਦੇ ਧੂੰਏਂ ਨਾਲ ਹਵਾ ਦੀ ਗੁਣਵੱਤਾ ਬੇਹੱਦ ਨੀਵੇਂ ਪੱਧਰ 'ਤੇ ਪਹੁੰਚ ਜਾਂਦੀ ਹੈ, ਜਿਸ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਖਾਂ 'ਚ ਜਲਣ, ਗਲ਼ਾ ਖਰਾਬ, ਜ਼ੁਕਾਮ ਤੇ ਸਾਹ ਲੈਣ 'ਚ ਤਕਲੀਫ਼ ਹੋਣ ਨਾਲ ਖ਼ਾਸਕਰ ਬਜ਼ੁਰਗ ਲੋਕ ਇਸ ਦੇ ਵਧੇਰੇ ਸ਼ਿਕਾਰ ਹੁੰਦੇ ਹਨ। ਇਸ ਤੋਂ ਇਲਾਵਾ ਸੜਕਾਂ ਦੇ ਨੇੜੇ ਲੱਗੀ ਅੱਗ ਤੇ ਧੂੰਏਂ ਨਾਲ ਹਰ ਸਾਲ ਬਹੁਤ ਸਾਰੇ ਹਾਦਸੇ ਵਾਪਰਦੇ ਹਨ ਤੇ ਬੇਸ਼ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਇਹ ਸਮੱਸਿਆ ਪਹਿਲੀ ਵਾਰ ਦੀ ਨਹੀਂ, ਹਰ ਸਾਲ ਹੀ ਹੰਦੀ ਹੈ। ਪਰ ਇਸ ਪਰਾਲੀ ਦੇ ਨਿਪਟਾਰੇ ਦਾ ਕੋਈ ਢੁਕਵਾਂ ਹੱਲ ਅਜੇ ਤੱਕ ਨਹੀਂ ਮਿਲ ਸਕਿਆ। ਕਿਰਤੀਆਂ 'ਤੇ ਕਾਰਵਾਈ ਕਰਨ ਨਾਲ ਕੀ ਇਸ ਦਾ ਕੋਈ ਹੱਲ ਸੰਭਵ ਹੈ? ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਝੋਨੇ ਦੀ ਕਟਾਈ ਸਮੇਂ ਹੀ ਇਸ ਸਮੱਸਿਆ ਦੀ ਯਾਦ ਆਉਂਦੀ ਹੈ ਤੇ ਪੂਰੇ ਸਾਲ ਵਿਚ ਇਸ ਸਮੱਸਿਆ ਦੇ ਕੋਈ ਸਥਾਈ ਹੱਲ ਲੱਭਣ ਵੱਲ ਕੋਈ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਗੁਰਮੁਖੀ ਫੱਟੀ ਦੀ ਅਰਜ਼
ਬਠਿੰਡੇ ਦਾ ਆਈ.ਟੀ.ਆਈ. ਚੌਕ ਜਿਥੇ ਪਹਿਲਾਂ ਡੌਲਫਿਨ (ਵੱਡੀਆਂ ਮੱਛੀਆਂ) ਦਾ ਪੁਤਲਾ ਲੱਗਿਆ ਹੋਇਆ ਸੀ, ਪਿਛਲੇ ਮਹੀਨੇ ਉਸ ਦਾ ਨਾਂਅ ਬਦਲ ਕੇ ਗੁਰਮੁਖੀ ਚੌਕ ਕੀਤਾ ਗਿਆ ਹੈ। ਇਹ ਸੁਣ ਕੇ ਮਨ ਨੂੰ ਖ਼ੁਸ਼ੀ ਮਿਲੀ ਕਿ ਪੰਜਾਬ 'ਚ ਪੰਜਾਬੀ ਦਾ ਰੁਤਬਾ ਵਧਣ ਲੱਗਿਆ ਹੈ। ਉਸ ਚੌਕ 'ਚ ਲੱਕੜ ਦੀ ਵੱਡੀ ਫੱਟੀ 'ਤੇ ਸਾਰੀ ਪੈਂਤੀ ਤੇ ਨਾਲ 10 ਤੱਕ ਗਿਣਤੀ ਗੁਰਮੁਖੀ 'ਚ ਦੋਵੇਂ ਪਾਸੇ ਲਿਖੇ ਹੋਏ ਹਨ। ਉਸ ਫੱਟੀ 'ਤੇ ਪਿਛਲੇ ਮਹੀਨੇ ਦਾ ਪਰਦਾ ਪਾ ਕੇ ਰੱਸਾ ਬੰਨ੍ਹਿਆ ਪਿਆ ਹੈ ਕਿ ਕੋਈ ਮੰਤਰੀ ਜਾਂ ਐੱਮ.ਐੱਲ.ਏ. ਉਸ ਦਾ ਉਦਘਾਟਨ ਕਰੇਗਾ, ਪਰ ਹਾਲੇ ਤੱਕ ਕਿਸੇ ਮੰਤਰੀ ਦਾ ਕੋਈ ਗੇੜੇ ਉਸ ਗੁਰਮੁਖੀ ਫੱਟੀ ਵੱਲ ਨਹੀਂ ਵੱਜਿਆ। ਮੈਂ ਰੋਜ਼ਾਨਾ ਬਠਿੰਡੇ ਦਾ ਸਫ਼ਰ ਕਰਦਾ ਉਸ਼ ਫੱਟੀ ਵੱਲ ਦੇਖਦਾ ਰਹਿੰਦਾ ਹਾਂ। ਪਿਛਲੇ ਕਈ ਦਿਨਾਂ ਤੋਂ ਉਸ ਤੋਂ ਅੱਧਾ ਪਰਦਾ ਹਟਿਆ ਪਿਆ ਹੈ ਕਿਉਂਕਿ ਤੇਜ਼ ਰਫ਼ਤਾਰ ਵਾਹਨਾਂ ਦੀ ਹਵਾ ਨੇ ਇਕ ਪਾਸੇ ਤੋਂ ਅੱਧਾ ਪਰਦਾ ਉਤਾਰ ਦਿੱਤਾ ਹੈ। ਜਦੋਂ ਮੈਂ ਉਸ ਫੱਟੀ ਵੱਲ ਦੇਖਦਾ ਹਾਂ ਤਾਂ ਐਵੇਂ ਲੱਗਦਾ ਹੈ ਜਿਵੇਂ ਉਹ ਮੂੰਹ ਬਾਹਰ ਕੱਢ ਕੇ ਆਵਾਜ਼ਾਂ ਮਾਰ ਰਹੀ ਹੈ ਕਿ ਕੋਈ ਮੇਰਾ ਉਦਘਾਟਨ ਵੀ ਕਰ ਦਿਉ, ਹੁਣ ਤਾਂ ਮੇਰਾ ਪਰਦਾ ਵੀ ਧੁੱਪ ਨਾਲ ਫੱਟ ਰਿਹਾ ਤੇ ਪੁਰਾਣਾ ਹੋ ਗਿਆ ਹੈ। ਪਰ ਉਸ ਵਿਚਾਰੀ ਫੱਟੀ ਨੂੰ ਕੀ ਪਤਾ ਕਿ ਸੂਬੇ ਦੇ ਮੰਤਰੀਆਂ ਕੋਲ ਹੋਰ ਸਥਾਨਾਂ 'ਤੇ ਸਿਜਦੇ ਕਰਨ ਤੋਂ ਵਿਹਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਕ ਦਿਨ ਫੱਟੀ ਉੱਪਰੋਂ ਆਪਣੇ ਆਪ ਪਰਦਾ ਵੀ ਫੱਟ ਜਾਣਾ ਹੈ ੱਤੇ ਖ਼ੁਦ-ਬ-ਖ਼ੁਦ ਉਸ ਦਾ ਉਦਘਾਟਨ ਵੀ ਹੋ ਜਾਣਾ ਹੈ। ਕਹਿਣ ਦਾ ਭਾਵ ਇਹ ਸਰਕਾਰ ਅੱਜ ਦੇ ਸਮੇਂ ਕੰਮਾਂ-ਕਾਰਾਂ ਪ੍ਰਤੀ ਏਨੀ ਜ਼ਿਆਦਾ ਅਵੇਸਲੀ ਹੋਈ ਪਈ ਹੈ ਕਿ ਕਿਸੇ ਕੰਮ ਦੀ ਕੋਈ ਫਿਕਰ ਤੱਕ ਨਹੀਂ। ਸਾਰੀ ਕਾਨੂੰਨ-ਵਿਵਸਥਾ ਭੰਗ ਹੋਈ ਪਈ ਹੈ। ਗੁਰਮੁਖੀ ਫੱਟੀ ਨੂੰ ਮੈਂ ਤਾਂ ਦਿਲੋਂ ਇਹੀ ਕਿਹਾ ਕਿ ਭੈਣੇ ਮੇਰੀਏ ਰੱਬ ਅੱਗੇ ਅਰਦਾਸ ਕਰ ਕਿ ਤੇਜ਼ ਹਨੇਰੀ ਆ ਜਾਵੇ ਤੇ ਤੇਰਾ ਪਰਦਾ ਜਿਹਾ ਹਟ ਜਾਵੇ। ਇਹ ਸਰਕਾਰ ਤਾਂ ਜ਼ਿੰਮੇਵਾਰੀਆ ਸੰਭਾਲ ਨਹੀਂ ਸਕਦੀ ਤੂੰ ਸ਼ੁੱਕਰ ਕਰ ਤੈਨੂੰ ਇੱਥੇ ਚੌਂਕ ਵਿਚ ਲਗਾ ਤਾਂ ਦਿੱਤਾ ਨਹੀਂ ਕਿਤੇ ਉਹ ਮੱਛੀਆਂ ਵੀ ਪੁੱਟ ਦਿੱਤੀਆਂ ਸੀ ਅਤੇ ਜੇ ਤੈਨੂੰ ਵੀ ਨਾ ਲਗਾਉਂਦੇ ਤਾਂ ਐਵੇਂ ਚੌਂਕ ਲੰਡਾ ਜਿਹਾ ਹੋ ਜਾਣਾ ਸੀ। ਪਰਮਾਤਮਾ ਹੀ ਤੇਰਾ ਉਦਘਾਟਨ ਕਰ ਸਕਦਾ ਹੈ ਉਸ ਦੇ ਅੱਗੇ ਹੀ ਅਰਦਾਸ ਕਰ।
-ਜਿੰਦਰ ਮਾਵੀ ਕੋਟ ਸ਼ਮੀਰ
ਰੋਗਾਂ ਦੀ ਦਵਾਈ ਸਾਫ਼-ਸਫ਼ਾਈ
ਬੀਤੇ ਦਿਨੀਂ 'ਅਜੀਤ' ਵਿਚ ਛਪਿਆ ਲੇਖ 'ਸਫ਼ਾਈ ਵਿਚ ਰੱਬ ਵਸਦਾ' ਪੜ੍ਹਿਆ। ਲੇਖ ਬਹੁਤ ਹੀ ਅਨੋਖਾ 'ਤੇ ਦਿਲਚਸਪ ਲੱਗਿਆ। ਜਿਵੇਂ ਸਾਡੇ ਮਨ ਨੂੰ ਸ਼ਾਂਤੀ ਤੇ ਸਕਾਰਾਤਮਕ ਵਿਚਾਰਾਂ ਦੀ ਲੋੜ ਹੈ, ਉਸ ਤਰ੍ਹਾਂ ਹੀ ਘਰ ਦੀ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਸਾਫ਼-ਸਫ਼ਾਈ ਦੀ ਲੋੜ ਹੁੰਦੀ ਹੈ। ਚਾਹੇ ਫਿਰ ਉਙ ਸਾਡਾ ਮਨ ਹੋਵੇ ਜਾਂ ਘਰ, ਜਿਥੇ ਅਸੀਂ ਰਹਿਣਾ ਹੈ ਸਫ਼ਾਈ ਕਰਨਾ ਤੇ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਕਿਸੇ ਦੇ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ। ਸਗੋਂ ਇਹ ਗੱਲ ਸਾਡੇ ਅੰਦਰੋਂ ਸੁਭਾਵਿਕ ਹੀ ਨਿਕਲਣੀ ਚਾਹੀਦੀ ਹੈ।
-ਲਵਪ੍ਰੀਤ ਕੌਰ