23-11-2024
ਇਲਾਹੀ ਗਿਆਨ ਦਾ ਸਾਗਰ
ਆਦਿ ਗੁਰੂ ਗ੍ਰੰਥ ਸਾਹਿਬ
ਸਰਬ-ਸਾਂਝੀ ਗੁਰਬਾਣੀ
ਲੇਖਕ : ਅਨੁਰਾਗ ਸਿੰਘ
ਪ੍ਰਕਾਸ਼ਕ : ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ, ਸ਼ਬਦ ਪ੍ਰਕਾਸ਼ ਮਿਊਜ਼ੀਅਮ, ਰਕਬਾ, ਲੁਧਿਆਣਾ
ਮੁੱਲ : 3100 ਰੁਪਏ, ਸਫ਼ੇ : 144
ਸੰਪਰਕ : 98728-23277
ਆਰਟ ਪੇਪਰ ਉੱਪਰ ਛਪੀ ਰੰਗਦਾਰ, ਅਨਮੋਲ ਚਿੱਤਰਾਂ ਰਾਹੀਂ ਮੂੰਹੋਂ ਬੋਲਦੀ, ਈਸ਼ਵਰੀ ਫ਼ਲਸਫ਼ੇ ਨੂੰ ਬਿਆਨਦੀ ਇਹ ਪੁਸਤਕ ਸੁਹਿਰਦ ਲੇਖਕ ਦੀ ਘਾਲਣਾ ਦਾ ਉੱਤਮ ਤੇ ਅਨੂਠਾ ਉੱਦਮ ਹੈ। ਇਸ ਤਿੰਨ ਭਾਸ਼ਾਈ (ਅੰਗਰੇਜ਼ੀ, ਪੰਜਾਬੀ ਤੇ ਹਿੰਦੀ) ਪੁਸਤਕ ਦੇ ਅੰਦਰੂਨੀ ਹਿੱਸੇ ਵਿਚ ਮਨੁੱਖੀ ਹਿਰਦੇ ਵਾਂਗ ਧੜਕਦੇ ਬਹੁਮੁੱਲੇ ਚਿੱਤਰ, ਬਾਣੀਕਾਰਾਂ ਦੇ ਮੁਖਾਰਬਿੰਦ ਤੋਂ ਨਿਕਲੇ ਬਾਣੀਕਾਰਾਂ ਦੇ ਪਵਿੱਤਰ ਬੋਲ ਹਨ। ਅਸਲ ਵਿਚ ਇਹ ਪੁਸਤਕ ਸ਼ਬਦ ਪ੍ਰਕਾਸ਼ ਅਜਾਇਬ ਘਰ ਰਕਬਾ, ਲੁਧਿਆਣਾ ਵਿਖੇ ਸੁਸ਼ੋਭਿਤ ਇਤਿਹਾਸਕ ਖਜ਼ਾਨੇ ਦੀ ਦਿਲਕਸ਼ ਤਸਵੀਰ ਹੀ ਹੈ। ਇਸ ਪੁਸਤਕ ਦਾ ਸੁਹਿਰਦ ਲੇਖਕ ਗੁਰਮਤਿ ਦਰਸ਼ਨ ਨੂੰ ਸਮਰਪਿਤ ਹੋ ਕੇ ਪ੍ਰਚਾਰਨ ਤੇ ਪ੍ਰਸਾਰਨ ਲਈ ਹਮੇਸ਼ਾ ਤਤਪਰ ਰਿਹਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਲਾਹੀ ਗਿਆਨ ਦਾ ਵਿਸ਼ਾਲ ਸਾਗਰ ਹੈ। ਆਦਿ ਗੁਰੂ ਨਾਨਕ ਦੇਵ ਜੀ ਦੇ ਰੱਬੀ-ਪੈਗ਼ਾਮ ਅਤੇ ਰੱਬੀ ਅਨੁਭਵ ਤੋਂ ਸਿੱਖ ਧਰਮ ਦਾ ਆਗਾਜ਼ ਹੁੰਦਾ ਹੈ। ਇਸ ਤੋਂ ਬਾਅਦ ਆਪ ਜੀ ਦੇ ਨੌਂ ਉੱਤਰਾਧਿਕਾਰੀਆਂ (ਗੁਰੂ ਸਾਹਿਬਾਨ) ਤੇ ਆਤਮਿਕ ਉੱਚਤਾ ਅਤੇ ਯਥਾਰਥਕ ਸਮਾਜ ਦੀ ਉਸਾਰੀ ਲਈ ਆਤਮਿਕ, ਰਾਜਨੀਤਕ ਅਤੇ ਭਾਈ ਏਕਤਾ ਲਈ ਕਾਰਜਸ਼ੀਲ ਰਹਿ ਕੇ ਆਪਣੇ ਸਿੱਖ ਨੂੰ ਆਤਮਿਕ ਮੰਡਲ ਦਾ ਵਾਸੀ ਬਣਾਇਆ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਵਿਲੱਖਣ ਹੋਂਦ ਕਾਇਮ ਕਰਨ ਲਈ ਸੰਸਾਰ ਦੇ ਸਾਰੇ ਪ੍ਰਚਲਿਤ ਅਤੇ ਸਥਾਪਿਤ ਧਰਮਾਂ ਵਾਂਗ ਆਪਣੇ ਪੈਰੋਕਾਰਾਂ ਲਈ ਵੱਖਰੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸਿਧਾਂਤ ਅਤੇ ਦਸਤੂਰ ਸਥਾਪਿਤ ਕੀਤੇ। ਸਿੱਖ ਧਰਮ ਦੀ ਬੁਨਿਆਦ ਉਸ ਸਥਿਰ ਰੂਹਾਨੀ ਸਿਧਾਂਤ 'ਤੇ ਰੱਖੀ ਗਈ, ਜਿਸ ਅਨੁਸਾਰ ਸਮੁੱਚੀ ਮਾਨਵ ਜਾਤੀ ਵਿਚ ਬਿਨਾਂ ਕਿਸੇ ਜਾਤ, ਧਰਮ ਜਾਂ ਸੱਭਿਆਚਾਰ ਦੇ ਭਿੰਨ-ਭੇਦ ਦੇ ਪਰਮ-ਪਿਤਾ ਪਰਮਾਤਮਾ ਦੀ ਜੋਤਿ ਦਾ ਵਾਸ ਹੈ।
ਲੇਖਕ ਨੇ ਪੁਸਤਕ ਦੇ ਆਰੰਭ ਵਿਚ ਪ੍ਰਵੇਸ਼ਕਾ ਸਿਰਲੇਖ ਅਧੀਨ ਕੁਝ ਕੁ ਸਫ਼ਿਆਂ ਵਿਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਵਪੂਰਤ ਸ਼ਬਦਾਂ ਦੁਆਰਾ ਇਸ ਨੂੰ ਦੁਨੀਆ ਦੇ ਤੱਤ ਗਿਆਨ ਦੇ ਗ੍ਰੰਥਾਂ ਦਾ ਮਹਾਨ ਸੰਕਲਨ ਦੱਸਦਿਆਂ ਮੰਨਿਆ ਇਹ ਮਹਾਨ ਗ੍ਰੰਥ ਦੁਨੀਆ ਦੀ ਸਮੁੱਚੀ ਮਾਨਵਤਾ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਇਕ ਈਸ਼ਵਰ ਦੀ ਅਰਾਧਨਾ ਵਿਚ ਜੁੜ ਕੇ ਬੈਠਣ ਦਾ ਸਬੱਬ ਬਖਸ਼ਦਾ ਹੈ। ਜਦੋਂ ਵੀ ਸੱਚ ਦੀ ਖੋਜ ਵਿਚ ਤੁਰਿਆ ਕੋਈ ਜਗਿਆਸੂ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ ਹੈ ਤਾਂ ਉਹ ਆਪਣੇ-ਆਪ ਨੂੰ ਪਰਮ-ਪਿਤਾ ਪਰਮਾਤਮਾ ਦੇ ਸ਼ਬਦ-ਬ੍ਰਹਮ ਰੂਪੀ ਇਲਾਹੀ ਗਿਆਨ ਨੂੰ ਸਮਰਪਿਤ ਕਰਦਾ ਹੈ। ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪਾਵਨ ਬਾਣੀ ਦੇ ਰਚਨਹਾਰ ਤੇ ਗੁਰੂ ਸਾਹਿਬਾਨ ਦੇ ਸੰਖੇਪ ਜੀਵਨ ਅਤੇ ਉਨ੍ਹਾਂ ਦੇ ਆਕਰਸ਼ਿਤ ਚਿੱਤਰਾਂ ਦੇ ਦਰਸ਼ਨ ਕਰਵਾਏ ਗਏ ਹਨ। ਦੂਜੇ ਭਾਗ ਵਿਚ ਗੁਰੂ ਨਾਨਕ ਸਾਹਿਬ ਤੋਂ ਪੂਰਵ ਬਾਰਾਂ ਭਗਤ ਸਾਹਿਬਾਨ ਭਗਤ ਜੈਦੇਵ ਜੀ, ਸੂਫ਼ੀ ਸੰਤ ਸ਼ੇਖ ਫ਼ਰੀਦ ਸਾਹਿਬ, ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਭਗਤ ਕਬੀਰ ਜੀ, ਭਗਤ ਪੀਪਾ ਜੀ, ਭਗਤ ਧੰਨਾ ਜੀ ਦੇ ਸੁੰਦਰ ਚਿੱਤਰ ਅਤੇ ਸੰਖੇਪ ਤੇ ਭਾਵਪੂਰਤ ਜੀਵਨਾਂ ਦਾ ਵੇਰਵਾ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ ਤਿੰਨ ਸਮਕਾਲੀ ਭਗਤ ਸਾਹਿਬਾਨ ਜਿਨ੍ਹਾਂ ਵਿਚ ਭਗਤ ਭੀਖਣ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਚਿੱਤਰ-ਦਰਸ਼ਨ ਅਤੇ ਸੰਪੇਖ ਜੀਵਨ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਚੌਥੇ ਭਾਗ ਵਿਚ ਗੁਰੂ ਦਰਬਾਰ ਦੇ ਉਨ੍ਹਾਂ ਚਾਰ ਗੁਰਸਿੱਖ ਬਾਣੀਕਾਰਾਂ ਦੇ ਸੰਖੇਪ ਜੀਵਨ ਅਤੇ ਸੁੰਦਰ ਤਸਵੀਰਾਂ ਮਿਲਦੀਆਂ ਹਨ। ਇਨ੍ਹਾਂ ਵਿਚ ਭਾਈ ਮਰਦਾਨਾ ਜੀ, ਭਾਈ ਸੱਤਾ ਅਤੇ ਰਾਏ ਬਲਵੰਡ ਜੀ, ਬਾਬਾ ਸੁੰਦਰ ਜੀ ਸ਼ਾਮਿਲ ਹਨ। ਅਗਲੇ ਭਾਗ ਵਿਚ ਗੁਰੂ ਸਾਹਿਬਾਨ ਦੀ ਉਪਮਾ ਅਤੇ ਮਹਾਨਤਾ ਨੂੰ ਦਰਸਾਉਣ ਵਾਲੇ ਬਾਣੀਕਾਰਾਂ ਵਿਚ ਭੱਟ ਸਾਹਿਬਾਨ ਦੇ ਜੀਵਨ ਅਤੇ ਭੱਟ ਕਲਸਹਾਰ ਜੀ, ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭਿਖਾ ਜੀ, ਭੱਟ ਸੱਲ੍ਹ ਜੀ, ਭੱਟ ਭੱਲ ਜੀ, ਭੱਟ ਨਲ੍ਹ ਜੀ, ਭੱਟ ਗਯੰਦ ਜੀ, ਭੱਟ ਮਥੁਰਾ ਜੀ, ਭੱਟ ਬੱਲ੍ਹ ਜੀ ਅਤੇ ਭੱਟ ਹਰਿਬੰਸ ਜੀ ਦੀਆਂ ਸੁੰਦਰ ਤਸਵੀਰਾਂ ਵੀ ਇਕ ਪੰਨੇ ਉੱਪਰ ਸੁਸ਼ੋਭਿਤ ਹਨ। ਭੱਟ ਸਾਹਿਬਾਨ ਦਾ ਕੁਰਸੀਨਾਮਾ ਵੀ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਪੁਸਤਕ ਦੀ ਅੰਤਿਕਾ ਵਿਚ ਸ਼ਬਦ-ਪ੍ਰਕਾਸ਼ ਅਜਾਇਬ ਘਰ ਰਕਬਾ, ਲੁਧਿਆਣਾ 'ਚ ਮੁੱਖ ਸੇਵਾਦਾਰ ਕ੍ਰਿਸ਼ਨ ਕੁਮਾਰ ਵਲੋਂ ਅਜਾਇਬ ਘਰ ਅਤੇ ਪੁਸਤਕ ਸੰਬੰਧੀ ਪ੍ਰਤੀ ਭਾਵਪੂਰਤ ਸਾਂਝ ਕੀਤੀ ਹੈ। ਇਸ ਤੋਂ ਇਲਾਵਾ ਸਹਾਇਕ ਪੁਸਤਕ ਸੂਚੀ, ਟਰੱਸਟ ਦੇ ਟਰੱਸਟੀਜ਼ ਮੈਂਬਰ, ਸਰਪ੍ਰਸਤ ਅਤੇ ਸਹਿਯੋਗੀਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਅਜਾਇਬ ਘਰ ਦੀਆਂ ਤਸਵੀਰਾਂ, ਅਜਾਇਬ ਘਰ ਦੇ ਦਰਸ਼ਨਾਂ ਲਈ ਆਏ ਉੱਘੇ ਵਿਅਕਤੀਆਂ ਦੇ ਵਿਚਾਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਦੀ ਤਸਵੀਰ ਤੋਂ ਇਲਾਵਾ ਕੁਝ ਕੁ ਅਹਿਮ ਇਤਿਹਾਸਕ ਤਸਵੀਰਾਂ ਅਤੇ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਹਸਤਾਖ਼ਰਾਂ (ਨਿਸ਼ਾਨ) ਦੇ ਚਿੱਤਰ ਵੀ ਸੁਸ਼ੋਭਿਤ ਹਨ। ਸਮੁੱਚੇ ਰੂਪ ਵਿਚ ਇਹ ਬਹੁਮੁੱਲੀ ਅਤੇ ਲੇਖਕ ਦੀ ਸਖ਼ਤ ਮਿਹਨਤ ਨਾਲ ਪੇਸ਼ ਕੀਤਾ, ਇਹ ਤਿੰਨ ਭਾਸ਼ਾਈ ਪੁਸਤਕ ਰੂਪੀ ਗੁਲਦਸਤਾ ਅਧਿਆਤਮਿਕ ਦੁਨੀਆ ਵਿਚ ਸਲਾਹਿਆ ਜਾਵੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
-ਮੁਨਸ਼ੀ ਪ੍ਰੇਮ ਚੰਦ ਦੀਆਂ ਦਲਿਤ ਜੀਵਨ ਬਾਰੇ 'ਉੱਨੀ ਕਹਾਣੀਆਂ'
ਅਨੁਵਾਦਕ : ਡਾਕਟਰ ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ: 186
ਸੰਪਰਕ : 99588-31357
ਅਨੇਕ ਵਿਧਾਵਾਂ ਵਿਚ ਸਾਹਿਤ ਦੀ ਸਿਰਜਣਾ ਕਰਨ ਵਾਲੇ ਸਥਾਪਿਤ ਲੇਖਕ ਅਤੇ ਨਿਰੰਤਰ ਤੌਰ ਤੇ ਸਾਹਿਤ ਸਾਧਨਾ ਵਿਚ ਰੁੱਝੇ ਹੋਏ ਡਾਕਟਰ ਬਲਦੇਵ ਸਿੰਘ ਬੱਦਨ ਆਪਣੇ ਆਪ ਵਿਚ ਰਾਸ਼ਟਰੀ ਪੱਧਰ ਦੀ ਚਰਚਿਤ ਸਾਹਿਤਕ ਸ਼ਖ਼ਸੀਅਤ ਹਨ। ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਡਾਕਟਰ ਬੱਦਨ ਖੁੱਦ ਇਕ ਨਾਮੀ ਲੇਖਕ ਅਤੇ ਅਨੁਵਾਦਕ ਹੀ ਨਹੀਂ ਸਗੋਂ ਅਨੇਕਾਂ ਲੇਖਕ ਪੈਦਾ ਕਰਨ ਵਾਲੀ ਨਰਸਰੀ ਜਾਂ ਸੰਸਥਾ ਵੀ ਹਨ। ਉਨ੍ਹਾਂ ਵਲੋਂ ਸਿਰਜਿਆ ਸਾਹਿਤ ਦੇਸ਼ ਦੀਆਂ ਅਨੇਕ ਭਾਸ਼ਾਵਾਂ 'ਚ ਅਨੁਵਾਦਿਤ ਹੋ ਚੁੱਕਾ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਰਚਨਾਵਾਂ ਦਾ ਅਨੁਵਾਦ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਨੁਵਾਦਕ ਦੀ ਦੋਵਾਂ ਭਾਸ਼ਾਵਾਂ ਉੱਤੇ ਪੂਰੀ ਪਕੜ, ਦੋਵਾਂ ਭਾਸ਼ਾਵਾਂ ਦਾ ਪੁਖਤਾ ਗਿਆਨ ਅਤੇ ਅਨੁਵਾਦ ਕਲਾ 'ਚ ਪੂਰੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਮੁਨਸ਼ੀ ਪ੍ਰੇਮ ਚੰਦ ਦੀਆਂ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਉੱਨੀ ਕਹਾਣੀਆਂ ਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਡਾਕਟਰ ਬੱਧਣ ਹਿੰਦੀ ਅਤੇ ਪੰਜਾਬੀ ਭਾਸ਼ਾ ਦਾ ਭਰਪੂਰ ਗਿਆਨ ਰੱਖਣ ਵਾਲੇ ਅਤੇ ਅਨੁਵਾਦ ਕਲਾ ਵਿਚ ਵੀ ਮਾਹਿਰ ਹਨ। ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਦੇ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਦੇ ਅਨੁਵਾਦ ਦੇ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ। ਡਾਕਟਰ ਬੱਦਨ ਨੇ ਹਿੰਦੀ ਭਾਸ਼ਾ ਦੇ ਪ੍ਰਸਿੱਧ ਰਚਨਾਕਾਰ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਕਰਕੇ ਜਿਥੇ ਉਨ੍ਹਾਂ ਦੇ ਪਾਠਕਾਂ ਵਿਚ ਵਾਧਾ ਕੀਤਾ ਹੈ, ਉਥੇ ਉਨ੍ਹਾਂ ਦੀ ਵਿਚਾਰਧਾਰਾ ਦਾ ਸੁਨੇਹਾ ਪੰਜਾਬੀ ਭਾਸ਼ਾ ਦੇ ਪਾਠਕਾਂ ਤੱਕ ਵੀ ਪਹੁੰਚਾਇਆ ਹੈ। ਡਾ. ਬੱਦਨ ਨੇ ਸਮੁੱਚੀ ਮਨੁੱਖੀ ਸੰਵੇਦਨਾਵਾਂ ਦੇ ਕਹਾਣੀਕਾਰ ਮੁਨਸ਼ੀ ਪ੍ਰੇਮ ਚੰਦ ਦੇ ਸਾਹਿਤ ਨੂੰ ਪੰਜਾਬੀ ਭਾਸ਼ਾ ਦੇ ਪਾਠਕਾਂ ਤੱਕ ਪਹੁੰਚਾ ਕੇ ਸ਼ਲਾਘਾ ਯੋਗ ਕਾਰਜ ਕੀਤਾ ਹੈ। ਸਮਾਜ ਦੇ ਮੌਜੂਦਾ ਹਾਲਾਤਾਂ ਅਨੁਸਾਰ ਮਿਆਰੀ ਸਾਹਿਤ ਦਾ ਇਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਅਨੁਵਾਦ ਕਰ ਕੇ ਸਮਾਜ ਦੇ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ ਅਤੇ ਦੇਸ਼ ਅਤੇ ਸਮਾਜ ਦੇ ਹਿਤ ਵਿਚ ਹੈ। ਦੁੱਧ ਦਾ ਮੁੱਲ, ਠਾਕੁਰ ਦਾ ਖੂਹ, ਸਦਗਤੀ, ਸਵਾ ਸੇਰ ਕਣਕ ਵਰਗੀਆਂ ਕਹਾਣੀਆਂ ਦਬਿਆਂ ਕੁਚਲਿਆਂ, ਅਣਡਿੱਠ, ਦਲਿਤਾਂ ਅਤੇ ਸ਼ੋਸ਼ਿਤਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਸੂਚਕ ਹਨ। ਅਨੁਵਾਦਕ ਨੇ ਉਸ ਸਮੇਂ ਦੇ ਸਮਾਜ ਅਤੇ ਮੌਜੂਦਾ ਸਮਾਜ ਦੇ ਦਲਿਤ, ਸ਼ੋਸ਼ਿਤ ਅਤੇ ਦੱਬੇ ਕੁਚਲੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦਿਆਂ ਮੌਜੂਦਾ ਸਮੇਂ ਦੀ ਨਬਜ਼ ਨੂੰ ਭਾਂਪਦਿਆਂ ਪ੍ਰੇਮ ਚੰਦ ਦੀਆਂ ਕਹਾਣੀਆਂ ਦਾ ਅਨੁਵਾਦ ਕਰਕੇ ਆਪਣੀ ਮਨੁੱਖੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ। ਕਹਾਣੀਆਂ ਦਾ ਅਨੁਵਾਦ ਕਰਦਿਆਂ ਅਨੁਵਾਦਕ ਨੇ ਕਹਾਣੀਆਂ ਦੇ ਪਾਤਰਾਂ ਦੇ ਚਰਿੱਤਰ, ਉਨ੍ਹਾਂ ਦੀ ਮਾਨਸਿਕਤਾ ਅਤੇ ਘਟਨਾਵਾਂ ਲਈ ਉਚਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕਿਤੇ ਵੀ ਪਾਠਕਾਂ ਨੂੰ ਕਹਾਣੀਆਂ ਦੇ ਉਦੇਸ਼, ਅਰਥ ਅਤੇ ਵਿਸ਼ਾ ਵਸਤੂ ਨੂੰ ਸਮਝਣ ਵਿਚ ਔਖ ਨਹੀਂ ਲੱਗੇਗੀ। ਸਮੁੱਚੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਡਾਕਟਰ ਬੱਦਨ ਕਹਾ ਣੀਆਂ ਦਾ ਅਨੁਵਾਦ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ।
-ਪ੍ਰਿੰ. ਵਿਜੈ ਕੁਮਾਰ
ਮੋਬਾਈਲ : 98726 27136
ਅੰਬਰ ਤੇ ਧਰਤੀ
ਲੇਖਕ : ਪ੍ਰੋ. ਜੋਗਿੰਦਰ ਸਿੰਘ ਕੰਗ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ ਪਾਇਲ (ਲੁਧਿਆਣਾ)
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98785-03673
ਸ਼ਾਇਰ ਪ੍ਰੋ. ਜੋਗਿੰਦਰ ਸਿੰਘ ਕੰਗ ਹਥਲੇ ਕਾਵਿ-ਸੰਗ੍ਰਹਿ 'ਅੰਬਰ ਤੇ ਧਰਤੀ' ਤੋਂ ਪਹਿਲਾਂ ਵੀ ਦੋ ਕਾਵਿ-ਸੰਗਰਹਿਾਂ 'ਸ਼ਮ੍ਹਾਂ ਤੇ ਪਰਵਾਨੇ', 'ਮਾਲਾ ਤੇ ਤਲਵਾਰ', 'ਦਸਮੇਸ਼ ਮਹਿਮਾ' (ਕਾਵਿ-ਸੰਗ੍ਰਹਿ), ਸੰਪਾਦਨਾ, 'ਨਿਰੰਤਰ ਵਗਦੀ ਨਦੀ' (ਸੋਵੀਨਾਰ) ਰਾਹੀਂ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ ਅਤੇ ਇਕ ਮਹਾਂਕਾਵਿ 'ਸੱਚ ਦਾ ਸੂਰਜ' ਛਪਾਈ ਅਧੀਨ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੁਹਥਾਜ ਨਹੀਂ ਕਿਉਂਕਿ ਉਹ ਅਕਸਰ ਹੀ ਸਟੇਜੀ ਰੁਮਾਂਚਿਕਤਾ ਦੇ ਪੰਥਕ ਕਵੀ ਦਰਬਾਰਾਂ ਦੀ ਰੂਹੇ ਰਵਾਂ ਹਨ। ਸ਼ਾਇਰ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸ਼ਾਇਰ ਦੇ ਸਾਹਿਤ ਨਾਲ ਮੱਸ ਰੱਖਣ ਵਾਲੇ ਦਸ ਸਾਹਿਤਕਾਰਾਂ ਨੇ ਵਿਮੋਚਨੀ ਸ਼ਬਦ ਲਿਖੇ ਹਨ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਥਾਹ ਕਾਵਿ-ਸੰਗ੍ਰਹਿ ਦੇ ਨਾਂਅ 'ਅੰਬਰ ਤੇ ਧਰਤੀ' ਤੋਂ ਸਹਿਜੇ ਹੀ ਇਸ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ ਕਿਉਂਕਿ ਅੰਬਰ ਤੇ ਧਰਤੀ ਸਾਣੀ ਨੂੰ ਅਰਸ਼ ਤੇ ਫ਼ਰਸ਼ ਦਰਮਿਆਨ ਜੋ ਵੀ ਸੰਮਤੀਆਂ ਵਿਸੰਗਤੀਆਂ ਦੇ ਸਰੋਕਾਰ ਹਨ, ਉਨ੍ਹਾਂ ਉੱਤੇ ਸ਼ਾਇਰ ਦੇ ਕਲਮ ਚਲਾਈ ਹੈ। ਇਸ ਸੰਗ੍ਰਹਿ ਦੀ ਪਹਿਲੀ ਹੀ ਨਜ਼ਮ 'ਪੰਜਾਬ' ਇਸ ਪੁਸਤਕ ਦਾ ਹਾਸਿਲ ਹੋ ਨਿਬੜਦੀ ਹੈ, ਜਦੋਂ ਉਹ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਜਿਥੇ ਕੁਰੂਕਸ਼ੇਤਰ ਦੀ ਜੰਗ ਹੋਈ, ਗੀਤਾ ਉਚਾਰੀ ਗਈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ, ਇਸ ਖੜਗ ਭੁਜਾ ਤੇ ਬਾਬਰ ਵਰਗੇ ਧਾੜਵੀਆਂ ਨਾਲ ਯੋਧਿਆਂ ਦੇ ਟੱਕਰ ਲਈ ਅਤੇ ਸਾਰੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਦੇਖਣ ਵਾਲੇ ਸਿਕੰਦਰ ਮਹਾਨ ਨੂੰ ਬਿਆਸ ਦਰਿਆ ਤੋਂ ਹੀ ਵਾਪਸ ਕਰਾਇਆ। ਸ਼ਾਇਰ ਅਧਿਆਤਮਵਾਦ ਦੇ ਆਭਾ ਮੰਡਲ ਦੀ ਜ਼ਿਆਦਾ ਪਰਿਕਰਮਾ ਕਰਦਾ ਹੈ ਜਦੋਂ ਕਿ ਵਿਭਿੰਨ ਸਰੋਕਾਰ ਵੀ ਉਸ ਦੀ ਕਲਮ ਦਾ ਹਿੱਸਾ ਬਣਦੇ ਹਨ। ਸ਼ਾਇਰ ਪੰਜਾਬ ਨੂੰ ਜਿਥੇ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ, ਉਥੇ ਮਾਂ-ਬੋਲੀ ਪੰਜਾਬੀ ਦਾ ਵੀ ਪਹਿਰੇਦਾਰ ਬਣਦਾ ਹੈ। ਸ਼ਾਇਰ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਜਿਥੇ ਆਪਣਾ ਕਾਵਿ-ਤਰੱਦਦ ਕਰਦਾ ਹੈ, ਉਥੇ ਨੌਜਵਾਨ ਪੀੜ੍ਹੀ ਵਲੋਂ ਚੰਗੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਨੂੰ ਜਾ ਰਹੀ ਹੋੜ 'ਤੇ ਕਿੰਤੂ ਪ੍ਰੰਤੂ ਕਰਦਿਆਂ ਉਹ ਸਮੇਂ ਦੀਆਂ ਸਰਕਾਰਾਂ ਤੇ ਨਜ਼ਲਾ ਝਾੜਦਿਆਂ ਸਪੱਸ਼ਟ ਕਰਦਾ ਹੈ ਕਿ ਜੇ ਸਰਕਾਰਾਂ ਇਥੇ ਹੀ ਰੁਜ਼ਗਾਰ ਦੇ ਵਸੀਲੇ ਪੈਦਾ ਕਰ ਦੇਣ ਤਾਂ ਇਹ ਮੁਹਾਣ ਰੋਕਿਆ ਜਾ ਸਕਦਾ ਹੈ। ਸ਼ਾਇਰ ਪ੍ਰੀਤਾਂ ਦੇ ਬੋਹੜ ਦੀ ਛਾਂ ਮਾਣਨ ਦਾ ਤਲਬਗਾਰ ਤਾਂ ਹੈ ਹੀ ਉਥੇ ਅੱਜ ਦੀ ਦਰੋਪਦੀ ਤੇ ਅੱਜ ਦੀ ਸੀਤਾ ਦੀ ਰੱਖਿਆ ਲਈ ਅੱਜ ਦੇ ਦੁਸ਼ਾਸਨਾਂ ਤੇ ਅੱਜ ਦੇ ਰਾਵਣਾਂ ਨੂੰ ਵੀ ਵੰਗਾਰਦਾ ਹੈ। ਸ਼ਾਇਰ ਭਾਰਤੀ ਕਾਵਿ-ਸ਼ਾਸਤਰ ਦੇ ਰਮਾਂ ਅਤੇ ਪਿੰਗਲ ਦੇ ਨਿਯਮਾਂ ਦਾ ਗੂੜ੍ਹ ਗਿਆਨੀ ਹੈ। ਨਿਕਟ ਭਵਿੱਖ ਵਿਚ ਸ਼ਾਇਰ ਤੋਂ ਅਧਿਆਤਮਵਾਦੀ ਸੁਰ ਤੋਂ ਵਿਥ ਸਿਰਜ ਕੇ ਸਮਕਾਲੀ ਤਰਕ ਸੰਗਤ ਤੇ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ। ਹਾਲ ਦੀ ਘੜੀ ਉਸ ਦੀ ਗ਼ਜ਼ਲ ਦਾ ਰੰਗ ਦੇਖੋ :
'ਨਫ਼ਰਤਾਂ ਕਰਕੇ ਦੂਰ ਦਿਲਾਂ 'ਚੋਂ, ਆਓ ਮਨਾਂ 'ਚ ਨੂਰ ਵਸਾਈਏ।
ਜ਼ਿੰਦਗੀ ਇਹ ਅਣਮੋਲ ਬੜੀ ਏ, ਆਓ ਇਸ ਨੂੰ ਸਫ਼ਲ ਬਣਾਈਏ।
ਅਮਨ ਏਕਤਾ ਦੇ ਰਾਹ ਚੱਲ ਕੇ, ਮੁੱਕ ਜਾਣ ਸਭ ਝਗੜੇ ਝੇੜੇ,
ਰਚ ਕੇ ਨਵ-ਇਤਿਹਾਸ ਦੇ ਪੰਨੇ, ਸੂਲੀ ਤੋਂ ਮਨਸੂਰ ਬਚਾਈਏ।'
-ਭਗਵਾਨ ਢਿੱਲੋਂ
ਮੋਬਾਈਲ : 98143-78254
ਸ੍ਰੀ ਗੁਰੂ ਤੇਗ ਬਹਾਦਰ ਜੀ
ਦੇ ਚਰਨ ਛੋਹ ਪ੍ਰਾਪਤ ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਬਾਰਾਂ ਗੁਰਦੁਆਰੇ ਸਾਹਿਬਾਨ ਦਾ ਵੇਰਵਾ
ਲੇਖਕ : ਗੁਰਜੀਤ ਸਿੰਘ ਖੁੱਡੀ
ਪ੍ਰਕਾਸ਼ਕ : ਲੇਖਕ ਖ਼ੁਦ, ਸਫ਼ੇ : 36
ਸੰਪਰਕ : 98725-45131
ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਛੋਹ ਪ੍ਰਾਪਤ ਬਰਨਾਲਾ ਜ਼ਿਲ੍ਹੇ ਅੰਦਰਲੇ 12 ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਬਤ ਇਸ 36 ਪੰਨਿਆਂ ਦੀ ਪੁਸਤਕ 'ਚ ਸੰਜਮੀ ਤੇ ਭਾਵਪੂਰਤ ਸ਼ੈਲੀ 'ਚ ਲਿਖ ਕੇ ਪੱਤਰਕਾਰ ਗੁਰਜੀਤ ਸਿੰਘ ਖੁੱਡੀ ਨੇ ਗਾਗਰ 'ਚ ਸਾਗਰ ਭਰਨ ਵਾਲਾ ਕਾਰਜ ਕੀਤਾ ਹੈ। ਲੇਖਕ ਦੀ ਸ਼ਰਧਾਮਈ ਸ਼ੈਲੀ ਲਿਖਤ ਦਾ ਰੰਗ ਹੋਰ ਵੀ ਗੂੜ੍ਹਾ ਕਰਦੀ ਹੈ ਤੇ ਪੜ੍ਹਨ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਬਦੋਬਦੀ ਆਪਣਾ ਸਿਰ ਝੁਕਾਅ ਦਿੰਦਾ ਹੈ। 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਜ਼ਿਲ੍ਹਾ ਬਰਨਾਲਾ ਅੰਦਰਲੇ ਜਿਹੜੇ 12 ਗੁਰਦੁਆਰਾ ਸਾਹਿਬਾਨ ਦਾ ਇਸ ਪੁਸਤਕ 'ਚ ਵੇਰਵਾ ਹੈ ਉਹ ਹਨ : 'ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ', ਪਿੰਡ ਸੇਖਾ, ਗੁ: ਸਾਹਿਬ ਗੁਰੂਸਰ ਪਾਤਿਸ਼ਾਹੀ ਨੌਵੀਂ ਪਿੰਡ ਕੱਟੂ, ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਫਰਵਾਹੀ, ਗੁ: ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਹੰਡਿਆਇਆ, ਗੁ: ਸਾਹਿਬ ਗੁਰੂਸਰ ਕੱਚਾ ਪਾਤਿਸ਼ਾਹੀ ਨੌਵੀਂ ਹੰਡਿਆਇਆ, ਗੁ: ਅੜੀਸਰ ਸਾਹਿਬ ਪਿੰਡ ਕੋਠੇ ਚੂੰਘਾਂ-ਹੰਡਿਆਇਆ-ਧੌਲਾ, ਗੁਰਦੁਆਰਾ ਸੋਹੀਆਣਾ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਧੌਲਾ, ਗੁ: ਕੈਲੋਂ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਢਿੱਲਵਾਂ, ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਢਿੱਲਵਾਂ, ਗੁ: ਦੁੱਲਮਸਰ ਸਾਹਿਬ ਪਾਤਿਸ਼ਾਹੀ ਨੌਵੀਂ ਕੋਠੇ ਦੁੱਲਮਸਰ (ਮੌੜ-ਨਾਭਾ), ਗੁਰਦੁਆਰਾ ਦਾਤਣਸਰ ਸਾਹਿਬ ਪਿੰਡ ਭਗਤਪੁਰਾ (ਮੌੜ-ਨਾਭਾ), ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਪੰਧੇਰ (ਬਰਨਾਲਾ)। ਉਪਰੋਕਤ ਪ੍ਰਸਤੁਤ ਗੁਰਦੁਆਰਾ ਸਾਹਿਬਾਨ ਬਾਰੇ ਢੁਕਵੀਂ ਜਾਣਕਾਰੀ ਦੇ ਨਾਲ-ਨਾਲ ਇਸ ਪੁਸਤਕ ਵਿਚ ਸੰਤ ਬਲਬੀਰ ਸਿੰਘ ਘੁੰਨਸ, ਸੰਤ ਬਾਬਾ ਟੇਕ ਸਿੰਘ ਧਨੌਲਾ, ਗੁਰਪ੍ਰੀਤ ਸਿੰਘ ਲਾਡੀ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਗੁਰਸੇਵਕ ਸਿੰਘ ਧੌਲਾ, ਨਿਰਮਲ ਸਿੰਘ ਬਰਨਾਲਾ (ਯੂ.ਐੱਸ.ਏ.), ਪੱਤਰਕਾਰ ਬੰਧਨਤੋੜ ਸਿੰਘ ਤੇ ਕੁਝ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦੇ ਸੰਦੇਸ਼ਾਂ ਦੇ ਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸ਼ਰਧਾ ਤੇ ਜਾਣਕਾਰੀ ਭਰਪੂਰ ਵਿਚਾਰ ਦਰਜ ਕੀਤੇ ਗਏ ਹਨ। ਖ਼ੁਦ ਗੁਰਜੀਤ ਸਿੰਘ ਖੁੱਡੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਕਮਾਲ ਦੀ ਲਿਖਤ ਲਿਖੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਗਾਥਾ ਬਾਰੇ ਗਿਆਨੀ ਕਰਮ ਸਿੰਘ ਭੰਡਾਰੀ ਨੇ ਬੜੇ ਵਿਸਤਾਰ ਵਿਚ ਲਿਖਿਆ ਹੈ। 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਚ ਵਿਲੱਖਣਤਾ' ਸਿਰਲੇਖ ਤਹਿਤ ਮਹਿੰਦਰ ਸਿੰਘ ਰਾਹੀ ਨੇ ਪੁਸਤਕ 'ਸ੍ਰੀ ਗੁਰੂ ਤੇਗ ਬਹਾਦਰ ਜੀ, ਜੀਵਨ, ਬਾਣੀ ਅਤੇ ਵਾਰਤਕ ਵਿਚ ਵਿਲੱਖਣਤਾ' ਵਿਚੋਂ ਕੁਝ ਅੰਸ਼ ਇਸ ਪੁਸਤਕ 'ਚ ਸ਼ਾਮਿਲ ਕੀਤੇ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਸੰਬੰਧੀ ਕਈ ਵਿਦਵਾਨਾਂ ਤੇ ਪਤਵੰਤੇ ਸੱਜਣਾਂ ਦੇ ਵਿਚਾਰ ਵੀ ਪੁਸਤਕ ਵਿਚ ਮੌਜੂਦ ਹਨ। ਪੂਰੀ ਪੁਸਤਕ ਪ੍ਰਭਾਵਸ਼ਾਲੀ ਹੈ। ਵੱਡੇ ਅਰਥਾਂ ਵਾਲੀ ਹੈ ਤੇ ਸਭ ਨੂੰ ਪੜ੍ਹਨੀ ਚਾਹੀਦੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਸ਼ਮਸ਼ਾਨ ਘਾਟ ਸੌਂ ਗਿਆ
ਲੇਖਿਕਾ : ਹਰਦੀਪ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 99141-27999
ਇਹ ਲੇਖਿਕਾ ਦਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਕਹਾਣੀਕਾਰਾ ਮੀਡੀਆ ਕਰਮੀ ਹੈ ਤੇ ਇਕ ਚੈਨਲ ਦੀ ਖੋਜੀ ਰਿਪੋਰਟਰ ਤੇ ਨਿਊਜ਼ ਰੀਡਰ ਹੈ। ਕਹਾਣੀ ਸੰਗ੍ਰਹਿ ਦੀ ਭੂਮਿਕਾ ਵਿਚ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਨੇ ਕਹਾਣੀਆਂ ਦੀ ਸੂਖਮ ਜਾਣ ਪਛਾਣ ਕਰਾਈ ਹੈ। ਇਹ ਕਹਾਣੀਆਂ ਸਮਾਜ ਵਿਚ ਅਪਰਾਧਿਕ ਬਿਰਤੀ ਦੇ ਵਧ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕਰਦੀਆਂ ਹਨ। ਖ਼ਾਸ ਕਰਕੇ ਪੰਜਾਬੀ ਸਮਾਜ ਵਿਚ ਵਧ ਰਿਹਾ ਔਰਤਾਂ ਦਾ ਸ਼ੋਸ਼ਣ, ਕੁਝ ਕਹਾਣੀਆ ਵਿਚ ਫ਼ਿਲਮੀ ਰੰਗ ਜਾਪਦਾ ਹੈ। ਪਰ ਲੇਖਿਕਾ ਦਾ ਸਵੈ-ਕਥਨ ਹੈ...। ਪੁਸਤਕ ਦੀਆਂ ਕਹਾਣੀਆਂ ਸੱਚ ਦੇ ਬੂਹੇ ਅਗੇ ਖੜ੍ਹੀਆਂ ਹਨ। ਕਹਾਣੀ ਕਿੱਟੀ ਪਾਰਟੀ ਦੀ ਨਵੀ (ਨਵਜੀਤ) ਘਰ ਦੀ ਮਾੜੀ ਆਰਥਿਕਤਾ ਕਰਕੇ ਸਹੇਲੀਆਂ ਨਾਲ ਕਿੱਟੀ ਪਾਰਟੀ ਵਿਚ ਨਹੀਂ ਜਾ ਸਕਦੀ। ਵਿਆਹ ਪਿੱਛੋਂ ਵੀ ਪਤੀ ਕਿੱਟੀ ਪਾਰਟੀ ਵਿਚ ਜਾਣ ਨੂੰ ਫਜ਼ੂਲ ਖਰਚੀ ਤੇ ਅਮੀਰਾਂ ਦੇ ਚੋਚਲੇ ਕਹਿੰਦਾ ਹੈ। ਫਿਰ ਵੀ ਜਿਵੇਂ ਕਿਵੇਂ ਉਹ ਨਵੀ (ਪਤਨੀ) ਨੂੰ ਕਿੱਟੀ ਪਾਰਟੀ ਦੇ ਪੈਸੇ ਦੇ ਕੇ ਭੇਜ ਦਿੰਦਾ ਹੈ। ਕਿੱਟੀ ਦੀ ਪਹਿਲੀ ਰਕਮ ਉਸਨੂੰ ਮਿਲਦੀ ਹੈ। ਹੋਟਲ ਦੀ ਪਾਰਟੀ ਵਿਚ ਉਸ ਦੇ ਹਿੱਸੇ 343 ਰੁਪਏ ਆਉਂਦੇ ਹਨ। ਪਰ ਐਨੇ ਰੁਪਏ ਨਾਲ ਘਰ ਦੀ ਚਾਰ ਦਿਨਾਂ ਦੀ ਸਬਜ਼ੀ ਆ ਜਾਣ ਦਾ ਸੋਚ ਕੇ ਉਸ ਦੀ ਚਿੰਤਾ ਪਰਿਵਾਰਕ ਹੁੰਦੀ ਹੈ ।
ਕਹਾਣੀ ਲੁਕਣ-ਮੀਚੀ ਵਿਚ ਬਿੰਦਰ ਦਾ ਉਸ ਦੇ ਮਾਮੇ ਵਲੋਂ ਜਬਰ ਜਨਾਹ ਹੋਣ ਦਾ ਕੁਰੱਖਤ ਬਿਰਤਾਂਤ ਹੈ। ਉਸ ਦੀ ਸਹੇਲੀ ਪਰਮਿੰਦਰ ਨੂੰ ਇਹ ਘਟਨਾ ਸੁਪਨੇ ਵਿਚ ਵੀ ਤੰਗ ਕਰਦੀ ਹੈ ਤੇ ਵਿਆਹ ਪਿੱਛੋਂ ਵੀ।
ਪੁਸਤਕ ਸਿਰਲੇਖ ਵਾਲੀ ਕਹਾਣੀ ਵਿਚ ਪਰਿਵਾਰ ਵਿਚ ਤਿੰਨ ਪੁੱਤਰ ਤੇ ਇਕੋ ਇਕ ਧੀ ਰੀਟਾ ਨਸ਼ੇ ਵਿਚ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ ਤੇ ਘਰ ਤਬਾਹ ਹੋ ਜਾਂਦਾ ਹੈ। ਰੀਟਾ ਸ਼ਮਸ਼ਾਨ ਘਾਟ ਵਿਚ ਜਾ ਕੇ ਨਸ਼ਾ ਕਰਦੀ ਗੈਂਗ ਦਾ ਹਿੱਸਾ ਬਣਦੀ ਹੈ। ਕਹਾਣੀ ਰੱਬ ਦੀ ਕਚਹਿਰੀ ਫ਼ਿਲਮੀ ਰੰਗ ਦੀ ਰਚਨਾ ਹੈ। ਕੁੜੀ ਦੀ ਸਕੂਟਰੀ ਨਾਲ ਮੁੰਡੇ ਦੀ ਗੱਡੀ ਦਾ ਹਾਦਸਾ ਹੁੰਦਾ ਹੈ। ਮੁੰਡਾ, ਕੁੜੀ ਦੀ ਗੱਡੀ ਮੁਰੰਮਤ ਕਰਵਾ ਕੇ ਦਿੰਦਾ ਹੈ ਤੇ ਤਿੰਨ ਦਿਨ ਉਸ ਨੂੰ ਦਫ਼ਤਰ ਛੱਡਣ ਵੀ ਜਾਂਦਾ ਹੈ। ਨੇੜਤਾ ਵਧ ਜਾਂਦੀ ਹੈ। ਵਿਆਹ ਹੋ ਜਾਂਦਾ ਹੈ ਕਹਾਣੀ ਵਿਚ ਮਾਂ ਦਾ ਐਨਾ ਜ਼ਿਆਦਾ ਦਖਲ ਕੁੜੀ ਦੇ ਸਹੁਰੇ ਘਰ ਹੁੰਦਾ ਹੈ ਕਿ ਪਤੀ-ਪਤਨੀ ਵਿਚ ਤਲਾਕ ਦੀ ਨੌਬਤ ਤੱਕ ਆ ਜਾਂਦੀ ਹੈ। ਪਰਿਵਾਰ ਟੁੱਟ ਜਾਂਦਾ ਹੈ। ਕਹਾਣੀਆਂ ਵਿਚ ਔਰਤ ਦੁੱਖਾਂ ਵਿਚ ਪਿਸਦੀ ਹੈ। ਫ਼ਿਲਮ ਇੰਡਸਟਰੀ ਵਿਚ ਡਿੰਪਲ (ਕਹਾਣੀ ਆਖਰਕਾਰ ਇਨਸਾਫ ਕਦੋਂ) ਕਿਰਨ (ਪੀ. ਜੀ. ਹੋਸਟਲ ਦੀ ਕਾਲੀ ਰਾਤ) ਕਮਲਜੀਤ (ਕਹਾਣੀ ਏ. ਟੀ. ਐਮ.) ਨੀਰੂ (ਪਿੰਜਰਾ) ਦੀ ਦੁੱਖਾਂ ਮਾਰੀ ਜ਼ਿੰਦਗੀ ਇਕੋ ਜਿਹੀ ਹੈ। ਇਹ ਔਰਤਾਂ, ਮਰਦ ਸ਼ੋਸ਼ਣ ਦਾ ਸ਼ਿਕਾਰ ਹਨ। ਦਿਲਚਸਪ ਤੇ ਕਥਾ ਰਸ ਭਰਪੂਰ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160
ਮੇਰਾ ਹੱਕ ਬਣਦਾ ਏ ਨਾ?
ਲੇਖਕ : ਰਾਜਵਿੰਦਰ ਰੌਂਤਾ
ਪ੍ਰਕਾਸ਼ਕ : ਪੰਜਾਬੀ ਕਵੀ ਪਬਲੀਕੇਸ਼ਨ, ਮੋਗਾ
ਮੁੱਲ : 170 ਰੁਪਏ, ਸਫ਼ੇ : 104
ਸੰਪਰਕ : 98764-86187
ਰਾਜਵਿੰਦਰ ਰੌਂਤਾ ਦੀ ਪਲੇਠੀ ਪੁਸਤਕ 'ਮੇਰਾ ਹੱਕ ਬਣਦਾ ਏ ਨਾ?' ਬਹੁਤ ਹੀ ਸੰਵੇਦਨਸ਼ੀਲ ਅਤੇ ਸੂਖ਼ਮ ਸੂਝ-ਬੂਝ ਨਾਲ ਸ਼ਿੰਗਾਰੀ ਖ਼ੂਬਸੂਰਤ ਪੁਸਤਕ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਵਿਚ ਕਾਵਿਕਤਾ ਦੀ ਨਬਜ਼ ਧੜਕਦੀ ਪ੍ਰਤੀਤ ਹੁੰਦੀ ਹੈ। ਨਹੀਂ ਤਾਂ ਅਜੋਕੇ ਸਮੇਂ ਵਿਚ ਖੁੱਲ੍ਹੀ ਕਵਿਤਾ ਦੇ ਨਾਂਅ 'ਤੇ ਸਾਡੇ ਸਾਹਮਣੇ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਸ ਨੂੰ ਨਾ ਤਾਂ ਕਵਿਤਾ ਵਾਲੇ ਪਾਸੇ ਹੀ ਰੱਖਿਆ ਜਾ ਸਕਦਾ ਹੁੰਦਾ ਹੈ ਅਤੇ ਨਾ ਹੀ ਉਸ ਨੂੰ ਵਾਰਤਕ ਕਹਿਣ ਦਾ ਹੌਸਲਾ ਪੈਂਦਾ ਹੈ:
ਇਨ੍ਹਾਂ ਨੂੰ ਕਹਿ ਦਿਓ
ਕਿ ਲੋਕ ਜਾਣ ਚੁੱਕੇ ਨੇ...
ਫ਼ਿਰਕੂ ਹਵਾਵਾਂ ਵਗਦੀਆਂ ਨਹੀਂ
ਵਗਾਈਆਂ ਜਾਂਦੀਆਂ।
ਸੰਸਾਰ ਵਿਚ ਜੇਕਰ ਕਿਸੇ ਰਿਸ਼ਤੇ ਨੂੰ ਰੱਬ ਵਰਗੇ ਪਾਕ-ਪਵਿੱਤਰ ਰਿਸ਼ਤੇ ਦਾ ਨਾਂਅ ਦਿੱਤਾ ਜਾ ਸਕਦਾ ਹੈ, ਤਾਂ ਨਿਰਸੰਦੇਹ ਉਹ ਕੇਵਲ ਅਤੇ ਕੇਵਲ ਮਾਂ ਹੀ ਹੋ ਸਕਦੀ ਹੈ। ਰਾਜਵਿੰਦਰ ਰੌਂਤਾ ਮਹਿਸੂਸ ਕਰਦੇ ਹਨ ਕਿ ਮਾਂ ਦਾ ਕੋਈ ਬਦਲ ਨਹੀਂ ਹੋ ਸਕਦਾ, ਮਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਅਤੇ ਸੱਚ ਕਿਹਾ ਜਾਵੇ ਤਾਂ ਮਾਂ ਤਾਂ ਰੱਬ ਵੀ ਨਹੀਂ ਬਣ ਸਕਦਾ। ਰੱਬ ਘਟ-ਘਟ ਵਿਚ ਵਿਆਪਕ ਹੋ ਸਕਦਾ ਹੈ, ਰੱਬ ਨਿਰਮੋਹੀ ਹੋ ਸਕਦਾ ਹੈ ਪਰ ਮਾਂ ਦਾ ਦਿਲ ਤਾਂ ਕੇਵਲ ਆਪਣੇ ਬੱਚੇ ਲਈ ਹੀ ਧੜਕਦਾ ਹੈ:
ਮਾਂ ਦੀ ਮਮਤਾ ਰੂਪ ਇਲਾਹੀ
ਚਿਹਰਾ ਪੜ੍ਹ ਦੁੱਖ ਜਾਣੇ।
ਮਾਂ ਦਾ ਕੋਈ ਬਦਲ ਨਹੀਂ ਏ
ਆਖਣ ਲੋਕ ਸਿਆਣੇ।
ਰਾਜਵਿੰਦਰ ਰੌਂਤਾ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਗੱਲ ਵੀ ਕਰਦੇ ਹਨ, ਸਦੀਆਂ ਤੋਂ ਦਬਾਈ ਜਾ ਰਹੀ ਔਰਤ ਦੀ ਚਰਚਾ ਵੀ ਛੇੜਦੇ ਹਨ, ਮਾਂ-ਬੋਲੀ ਪੰਜਾਬੀ ਦੀ ਦੁਰਦਸ਼ਾ ਨੂੰ ਦੇਖ ਕੇ ਉਨ੍ਹਾਂ ਦਾ ਕੋਮਲ ਮਨ ਤੜਫ਼ਦਾ ਹੈ, ਜਾਤਾਂ-ਧਰਮਾਂ ਦੇ ਨਾਂਅ 'ਤੇ ਹੁੰਦੀ ਵਿਤਕਰੇਬਾਜ਼ੀ ਵੀ ਉਨ੍ਹਾਂ ਨੂੰ ਵਿਆਕੁਲ ਕਰਦੀ ਹੈ ਅਤੇ ਸੌੜੇ ਸਿਆਸੀ ਹਿਤਾਂ ਲਈ ਲੋਕਾਂ ਨੂੰ ਬਲਦੀ ਦੇ ਮੂੰਹ ਦੇਣਾ ਵੀ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਸ਼ੋਰ-ਸ਼ਰਾਬੇ ਤੋਂ ਰਹਿਤ ਸਰਲ ਅਤੇ ਸਹਿਜ ਸੁਭਾਅ ਵਾਲੀ ਇਸ ਕਵਿਤਾ ਦਾ ਹਾਰਦਿਕ ਸਵਾਗਤ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਗੁਰਦਿਆਲ ਸਿੰਘ
ਦੇ ਨਾਵਲਾਂ ਦਾ
ਭਾਸ਼ਾ ਵਿਗਿਆਨਕ ਅਧਿਐਨ
ਲੇਖਿਕਾ : ਡਾ. ਸੁਖਰਾਜ ਸਿੰਘ ਧਾਲੀਵਾਲ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 175
ਸੰਪਰਕ : 98153-54141
ਗੁਰਦਿਆਲ ਸਿੰਘ ਦੇ ਨਾਵਲਾਂ ਦਾ ਭਾਸ਼ਾ ਵਿਗਿਆਨ ਅਧਿਐਨ ਡਾ. ਸੁਖਰਾਜ ਸਿੰਘ ਧਾਲੀਵਾਲ ਦੀ ਖੋਜ ਭਰਪੂਰ ਰਚਨਾ ਹੈ। ਜਿਸ ਵਿਚ ਲੇਖਕ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਅਧਿਐਨ ਕਰਨ ਦਾ ਸਫਲ ਉਪਰਾਲਾ ਕੀਤਾ ਹੈ। ਗੁਰਦਿਆਲ ਸਿੰਘ ਪੰਜਾਬੀ ਦਾ ਸਰਬਾਂਗੀ ਲੇਖਕ ਹੈ। ਨਾਵਲ ਸਾਹਿਤ ਵਿਚ ਉਸ ਦਾ ਨਾਂਅ ਬੜਾ ਉੱਘਾ ਹੈ। ਉਸ ਨੇ ਆਪਣੇ ਜੀਵਨ ਦਾ ਵੱਡਾ ਸਮਾਂ ਮਾਲਵੇ ਦੇ ਗੜ੍ਹ ਪਿੰਡ ਜੈਤੋ ਵਿਚ ਬਿਤਾਇਆ ਹੈ। ਉਹ ਆਪਣੇ ਨਾਵਲਾਂ ਵਿਚ ਜੈਤੋ ਦੇ ਆਲੇ-ਦੁਆਲੇ ਦੀ ਉਪਭਾਸ਼ਾ ਮਲਵਈ ਨੂੰ ਬੜੀ ਖੂਬਸੂਰਤੀ ਨਾਲ ਵਰਤਦਾ ਹੈ। ਜਿਥੋਂ ਤੱਕ ਡਾ. ਧਾਲੀਵਾਲ ਵਲੋਂ ਹਥਲੀ ਪੁਸਤਕ ਵਿਚ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ, ਉਹ ਨਿਸ਼ਚੇ ਹੀ ਬੜਾ ਅਹਿਮ ਅਤੇ ਸਲਾਹੁਣਯੋਗ ਕਾਰਜ ਹੈ। ਲੇਖਕ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਅਧਿਐਨ ਦਾ ਵਿਸ਼ਾ ਬਣਾਉਂਦੇ ਸਮੇਂ ਤਿੰਨ ਅਧਾਰ ਨਿਸ਼ਚਿਤ ਕੀਤੇ ਹਨ। ਜਦੋਂ ਉਹ ਨਾਵਲਾਂ ਦਾ ਭਾਸ਼ਾ ਵਿਗਿਆਨਕ ਅਧਿਐਨ ਕਰਦਾ ਹੈ ਤਾਂ ਧੁਨੀ ਵਿਉਂਤ ਪੱਧਰ ਉਤੇ, ਸ਼ਬਦਾਂ ਦੀ ਅੰਦਰਲੀ ਬਣਤਰ ਦੇ ਪੱਧਰ ਉਤੇ ਅਤੇ ਵਾਕ ਵਿਗਿਆਨਕ ਪੱਧਰ ਉਤੇ ਫੋਕਸ ਕਰਦਾ ਹੈ। ਉਹ ਸ਼ਬਦਾਂ ਦੀਆਂ ਵੱਖ-ਵੱਖ ਪੁਜੀਸ਼ਨਾਂ ਵਿਚ ਸ੍ਵਰਾਂ ਅਤੇ ਵਿਅੰਜਨਾਂ ਦਾ ਨਿਖੇੜਾ ਕਰਕੇ ਅਖੰਡੀ ਧੁਨੀ ਗ੍ਰਾਮਾਂ ਦਾ ਅਧਿਐਨ ਕਰਦਾ ਹੈ। ਇਸੇ ਤਰ੍ਹਾਂ ਸ਼ਬਦਾਂ ਦਾ ਵਿਉਂਤਪਤ ਤੇ ਵਿਕਾਰ ਪੱਖੋਂ ਵਿਧਾਨ ਸਿਰਜਦਾ ਹੈ। ਵਿਆਕਰਣਕ ਕਾਰਜ ਵਿਚ ਵਾਕ ਦੇ ਅਧਿਐਨ ਨੂੰ ਹੀ ਭਾਸ਼ਾਈ ਅਧਿਐਨ ਮੰਨਿਆ ਜਾਂਦਾ ਹੈ। ਬਿਰਤਾਂਤਕ ਰਚਨਾਵਾਂ ਵਿਚ ਵਾਕ ਅਧਿਐਨ ਬੜੀ ਰੌਚਿਕਤਾ ਪੈਦਾ ਕਰਦੇ ਹਨ। ਇਨ੍ਹਾਂ ਤੋਂ ਅਸੀਂ ਅਨੇਕਾਂ ਭਾਸ਼ਾਈ ਪੈਟਰਨ ਘੋਖ ਸਕਦੇ ਹਾਂ, ਜਿਨ੍ਹਾਂ ਕਰਕੇ ਭਾਸ਼ਾ ਵਰਤੋਂ ਵਿਚ ਕਲਤਾਮਿਕਤਾ ਪੈਦਾ ਕਰਦੀ ਹੈ। ਕਲਾਕਾਰੀ ਵਾਕਾਂ ਵਿਚ ਨਿੱਖਰ ਕੇ ਸਾਹਮਣੇ ਆਉਂਦੀ ਹੈ। ਇਸ ਖੰਡ ਵਿਚ ਧਾਲੀਵਾਲ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਵਿਚੋਂ ਵਾਕਾਤਮਕ ਪੈਟਰਨ ਲੱਭਣ ਦਾ ਸਫਲ ਯਤਨ ਕੀਤਾ ਹੈ।
ਮਨੁੱਖ ਅਤੇ ਸਮਾਜ ਦਾ ਰਿਸ਼ਤਾ ਬੜਾ ਗੂੜ੍ਹਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਦੇ ਨਾਲ-ਨਾਲ ਭਾਸ਼ਾਈ ਪ੍ਰਾਣੀ ਵੀ ਹੈ। ਇਸ ਕਰਕੇ ਮਨੁੱਖ ਦੀਆਂ ਸਿਰਜਣਾਵਾਂ ਸਮਾਜ ਅਤੇ ਭਾਸ਼ਾ ਦੇ ਸੰਬੰਧਾਂ ਉਤੇ ਉਸਰੀਆਂ ਨਜ਼ਰ ਆਉਂਦੀਆਂ ਹਨ। ਇਸ ਖੰਡ ਵਿਚ ਲੇਖਕ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਸਮਾਜ ਭਾਸ਼ਾ ਵਿਗਿਆਨ ਪੱਖੋਂ ਅਧਿਐਨ ਕਰਕੇ ਇਨ੍ਹਾਂ ਵਿਚਲੀਆਂ ਇਕਾਈਆਂ ਦਾ ਮਾਈਕ੍ਰੋ ਪੱਖ ਪੇਸ਼ ਕੀਤਾ ਹੈ। ਸਮਾਜਿਕ ਭਾਸ਼ਾਈ ਰੂਪਾਂ ਦੇ ਉਸ ਨੇ ਕਈ ਪੈਟਰਨ ਜਿਵੇਂ ਬ੍ਰਾਹਮਣਾਂ ਦੀ ਭਾਸ਼ਾ, ਜੱਟਾਂ ਦੀ ਭਾਸ਼ਾ, ਅਮਲੀਆਂ ਦੀ ਭਾਸ਼ਾ, ਤਰਖਾਣਾਂ ਦੀ ਭਾਸ਼ਾ, ਧਾਰਮਿਕ ਵਿਅਕਤੀਆਂ ਦੀ ਭਾਸ਼ਾ, ਪੁਲਸੀਆਂ ਦੀ ਭਾਸ਼ਾ ਨੂੰ ਘੋਖਿਆ ਹੈ। ਪ੍ਰਵਚਨ ਵਕਤਾ ਅਤੇ ਸਰੋਤੇ ਦਰਮਿਆਨ ਭਾਸ਼ਾਈ ਸੰਸਾਚਰ ਦਾ ਵਟਾਂਦਰਾ ਹੁੰਦਾ ਹੈ, ਜਿਸ ਦੇ ਰੂਪ ਨੂੰ ਇਸ ਦੇ ਸਮਾਜਿਕ ਉਦੇਸ਼ ਰਾਹੀਂ ਦੇਖਿਆ ਜਾ ਸਕਦਾ ਹੈ। ਇਸ ਕਥਨ ਦੇ ਪ੍ਰਸੰਗ ਵਿਚ ਡਾ. ਧਾਲੀਵਾਲ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪ੍ਰਵਚਨਾਂ-ਮੂਲਕਤਾ ਦੇ ਲੱਛਣ ਪਛਾਣ ਕੇ ਅਧਿਐਨ ਕੀਤਾ ਹੈ। ਬੇਸ਼ੱਕ ਕੋਈ ਵੀ ਖੋਜ ਕਾਰਜ ਅੰਤਿਮ ਨਹੀਂ ਹੁੰਦਾ। ਹਰੇਕ ਖੋਜ ਵਿਚ ਨਵੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਪ੍ਰੰਤੂ ਨਿਸ਼ਚੇ ਹੀ ਇਹ ਖੋਜ ਭਰਪੂਰ ਪੁਸਤਕ ਪਾਠਕਾਂ ਅਤੇ ਖੋਜੀਆਂ ਲਈ ਲਾਹੇਵੰਦ ਸਿੱਧ ਹੋਵੇਗੀ।
ਡਾ. ਇਕਬਾਲ ਸਿੰਘ ਸਕਰੌਦੀ।
ਮੋਬਾਈਲ : 84276-85020
ਬੁੱਝ ਕੇ ਬੱਚਿਓ ਤੁਸੀਂ ਦਿਖਾਓ
ਲੇਖਕ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 32
ਸੰਪਰਕ : 99184-69564
ਉਤਸੁਕਤਾ ਬਾਲ ਸਾਹਿਤ ਦਾ ਵਿਸ਼ੇਸ਼ ਲੱਛਣ ਹੈ। ਬੁਝਾਰਤਾਂ ਵਿਚ ਇਹ ਗੁਣ ਵਿਸ਼ੇਸ਼ ਤੌਰ 'ਤੇ ਲਿਪਤ ਹੁੰਦਾ ਹੈ। ਬੱਚੇ ਇਸ ਵੰਨਗੀ ਪ੍ਰਤੀ ਕੁਝ ਵਧੇਰੇ ਜਿਗਿਆਸਾਮਈ ਹੁੰਦੇ ਹਨ ਅਤੇ ਇਕ ਦੂਜੇ ਤੋਂ ਪਹਿਲਾਂ ਉਤਰ ਦੇਣ ਲਈ ਤਤਪਰ ਰਹਿੰਦੇ ਹਨ। ਬਾਲ ਸਾਹਿਤ ਦੇ ਇਸ ਅਹਿਮ ਕਾਵਿ ਰੂਪ ਨਾਲ ਸੰਬੰਧਿਤ ਹੈ ਪੁਸਤਕ 'ਬੁੱਝ ਕੇ ਬੱਚਿਓ ਤੁਸੀਂ ਦਿਖਾਓ' ਜੋ ਆਤਮਾ ਸਿੰਘ ਚਿੱਟੀ ਵਲੋਂ ਮੂਲ ਰੂਪ ਵਿਚ ਕਾਵਿਮਈ ਸ਼ੈਲੀ ਵਿਚ ਸਿਰਜੀ ਗਈ ਹੈ। ਆਤਮਾ ਸਿੰਘ ਚਿੱਟੀ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਬੜੀ ਪ੍ਰਤਿਬੱਧਤਾ, ਲਗਨ ਅਤੇ ਨਿਸ਼ਕਾਮ ਭਾਵਨਾ ਨਾਲ ਬਾਲ ਕਵਿਤਾ ਅਤੇ ਬਾਲ ਗੀਤ ਪਰੰਪਰਾ ਨੂੰ ਵਿਕਸਿਤ ਲੀਹਾਂ 'ਤੇ ਲਗਾਤਾਰ ਤੋਰਨ ਵਾਲਾ ਕਲਮਕਾਰ ਹੈ। ਤੇਜ਼ ਤਰਾਰੀ ਦੇ ਅਜੋਕੇ ਦੌਰ ਵਿਚ ਹੁਣ ਫਿਰ ਇਸ ਲੇਖਕ ਨੇ ਇਸ ਪੁਸਤਕ ਵਿਚ ਕੁੱਲ 12 ਕਾਵਿ ਕਵਿਤਾਵਾਂ ਨੂੰ ਬੁਝਾਰਤ-ਸ਼ੈਲੀ ਵਿਚ ਸਿਰਜਿਆ ਹੈ। ਇਸ ਪੁਸਤਕ ਦੀ ਹਰ ਕਾਵਿ ਬੁਝਾਰਤ ਦਾ ਆਗ਼ਾਜ਼ ਉਤਸੁਕਤਾ ਭਰਪੂਰ ਢੰਗ ਨਾਲ ਕਰਦਿਆਂ ਸੰਬੰਧਿਤ ਵਸਤੂ ਬਾਰੇ ਸੰਕੇਤ ਕੀਤੇ ਗਏ ਹਨ। ਮਿਸਾਲ ਵਜੋਂ 'ਗਰਮੀ ਰੁੱਤ' ਦਾ ਜ਼ਿਕਰ ਕਰਦਿਆਂ ਕਵੀ ਬੁਝਾਰਤ ਦੀਆਂ ਮੁੱਢਲੀਆਂ ਪੰਕਤੀਆਂ ਇਉਂ ਪ੍ਰਗਟ ਕਰਦਾ ਹੈ :
ਕਿਹੜੀ ਰੁੱਤ ਕਹਾਏ ਬੱਚਿਓ
ਕਿਹੜੀ ਰੁੱਤ ਕਹਾਏ?
ਤਿੱਖੀਆਂ ਧੁੱਪਾਂ ਪੈਣ ਲੱਗੀਆਂ
ਸਭ ਦਾ ਚਿੱਤ ਘਬਰਾਏ।'( ਪੰਨਾ 27)
ਇਨ੍ਹਾਂ ਕਾਵਿ ਬੁਝਾਰਤਾਂ ਵਿਚ ਕਵੀ ਨੇ ਲਗਭਗ ਉਨ੍ਹਾਂ ਸਾਰੇ ਅਹਿਮ ਵਿਸ਼ਿਆਂ ਦੀ ਚੋਣ ਕੀਤੀ ਹੈ ਜਿਨ੍ਹਾਂ ਦਾ ਬਾਲਾਂ ਨਾਲ ਸਿੱਧਾ ਸੰਬੰਧ ਹੈ। ਮਨੁੱਖੀ ਸਮਾਜ, ਕੁਦਰਤੀ ਵਰਤਾਰੇ, ਪੌਣ ਪਾਣੀ, ਪ੍ਰਦੂਸ਼ਣ, ਵਿਦਿਅਕ ਪਾਸਾਰੇ, ਵੰਨ ਸੁਵੰਨੀਆਂ ਰੁੱਤਾਂ, ਫ਼ਲਾਂ-ਫੁੱਲਾਂ, ਜੀਵ ਜੰਤੂਆਂ, ਵਿਗਿਆਨਕ ਅਤੇ ਆਵਾਜਾਈ ਦੀਆਂ ਖੋਜਾਂ, ਕਾਢਾਂ ਅਤੇ ਹੋਰ ਸ੍ਰੋਤ ਇਨ੍ਹਾਂ ਬੁਝਾਰਤਾਂ ਦਾ ਆਧਾਰ ਬਣਦੇ ਹਨ। ਇਸ ਪੁਸਤਕ ਦੇ ਅੰਤ ਵਿਚ ਸੰਬੰਧਿਤ ਕਾਵਿ ਬੁਝਾਰਤਾਂ ਦੇ ਉਤਰ ਰੰਗਦਾਰ ਤਸਵੀਰਾਂ ਦੀ ਸ਼ਕਲ ਵਿਚ ਦਿੱਤੇ ਗਏ ਹਨ। ਕੁੱਲ ਮਿਲਾ ਕੇ ਇਹ ਪੁਸਤਕ ਜਿੱਥੇ ਮੱਠੀ ਪੈਂਦੀ ਜਾ ਰਹੀ ਬੁਝਾਰਤ-ਵੰਨਗੀ ਦੀ ਰਵਾਇਤ ਨੂੰ ਹੁਲਾਰਾ ਦਿੰਦੀ ਹੈ ਉਥੇ ਬਾਲ ਮਨਾਂ ਵਿਚ ਮਾਂ ਬੋਲੀ ਅਤੇ ਸਾਹਿਤ ਪ੍ਰਤੀ ਸਨੇਹ ਵੀ ਪੈਦਾ ਕਰਦੀ ਹੈ ਅਤੇ ਉਨ੍ਹਾਂ ਦੇ ਵਸਤੂ ਗਿਆਨ ਵਿਚ ਇਜ਼ਾਫ਼ਾ ਵੀ ਕਰਦੀ ਹੈ।
ਬਾਲ ਸਾਹਿਤ ਦੇ ਖਿੱਤੇ ਵਿਚ ਅਜਿਹੀਆਂ ਪੁਸਤਕਾਂ ਦੀ ਹੋਰ ਵਧੇਰੇ ਜ਼ਰੂਰਤ ਭਾਸਦੀ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਸੋਚ ਕੇ ਦੱਸੋ
ਇਹ ਹਨ ਕੌਣ?
ਲੇਖਕ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 28
ਸੰਪਰਕ : 99884-69564
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਆਤਮਾ ਸਿੰਘ ਚਿੱਟੀ ਲੰਬੇ ਸਮੇਂ ਤੋਂ ਨਿਰੰਤਰ ਬਾਲ ਸਾਹਿਤ ਦੇ ਖੇਤਰ 'ਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਵਿਲੱਖਣ ਗੱਲ ਇਹ ਵੀ ਹੈ ਕਿ ਉਨ੍ਹਾਂ ਦੀਆਂ ਬਾਲ ਰਚਨਾਵਾਂ ਬੱਚਿਆਂ ਦੇ ਮੇਚ ਦੀਆਂ ਹੁੰਦੀਆਂ ਹਨ ਅਤੇ ਜ਼ਿਆਦਾ ਬੌਧਿਕਤਾ ਦਾ ਬੋਝ ਉਹ ਆਪਣੀਆਂ ਰਚਨਾਵਾਂ ਤੇ ਥੋਪਣ ਤੋਂ ਪ੍ਰਹੇਜ਼ ਕਰਦੇ ਹਨ, ਇਸੇ ਕਰਕੇ ਉਨ੍ਹਾਂ ਦੀਆਂ ਬਾਲ ਰਚਨਾਵਾਂ ਬਾਲ ਵਰਗ ਨੂੰ ਖ਼ੂਬ ਪਸੰਦ ਆਉਂਦੀਆਂ ਹਨ। ਹਥਲੀ ਪੁਸਤਕ 'ਸੋਚ ਕੇ ਦੱਸੋ ਇਹ ਹਨ ਕੌਣ?' ਵਿਚ ਉਨ੍ਹਾਂ ਸਾਡੀ ਲੋਕ ਧਾਰਾ ਦਾ ਪ੍ਰਮੁੱਖ ਹਿੱਸਾ ਮੰਨੀਆਂ ਜਾਂਦੀਆਂ 'ਬੁਝਾਰਤਾਂ' ਨੂੰ ਕਾਵਿ-ਰੰਗਤ ਦੇ ਕੇ ਕਾਵਿ-ਬੁਝਾਰਤਾਂ ਵਜੋਂ ਬਾਲ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਅਜੋਕੇ ਇੰਟਰਨੈੱਟ ਦੇ ਦੌਰ 'ਚ ਜਦ ਹਰ ਹੱਥ 'ਚ ਮੋਬਾਈਲ ਆ ਗਿਆ ਹੈ ਤਾਂ ਸਾਡੀ ਲੋਕ ਧਾਰਾ ਦਾ ਅਹਿਮ ਅੰਗ 'ਬੁਝਾਰਤਾਂ' ਦਾ ਵਿਸਰ ਜਾਣਾ ਸੁਭਾਵਿਕ ਹੈ ਪਰੰਤੂ ਲੇਖਕ ਆਤਮਾ ਸਿੰਘ ਚਿੱਟੀ ਨੇ ਬਾਲ ਪਾਠਕਾਂ 'ਚ ਬੁਝਾਰਤਾਂ ਦੀ ਦਿਲਚਸਪੀ ਪੈਦਾ ਕਰਨ ਲਈ ਕਵਿਤਾ ਦੇ ਰੂਪ 'ਚ ਨਵੀਆਂ ਬੁਝਾਰਤਾਂ ਦੀ ਸਿਰਜਣਾ ਕਰਕੇ ਇਹ ਪੁਸਤਕ ਤਿਆਰ ਕੀਤੀ ਹੈ। ਇਸ ਪੁਸਤਕ 'ਚ 9 ਕਾਵਿ ਬੁਝਾਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਵੰਨਗੀ ਵਜੋਂ ਇਕ ਨਮੂਨਾ ਪੇਸ਼ ਹੈ :
ਰੋਜ਼ ਸਵੇਰੇ ਘਰ-ਘਰ ਆਵੇ।
ਗੱਲਾਂ ਨਵੀਆਂ ਨਿੱਤ ਸੁਣਾਵੇ।
ਸਾਰੇ ਕਹਿੰਦੇ ਕਿੱਥੋਂ ਆਈ?
ਸਾਰੀ ਖ਼ਲਕਤ ਪਿੱਛੇ ਲਾਈ। (ਅਖ਼ਬਾਰ )
ਇਕ ਹੋਰ ਵੰਨਗੀ ਵੇਖੋਂ :
ਤਿੰਨੇ ਸੂਈਆਂ ਚੱਕਰ ਲਾਉਣ।
ਸਹੀ ਟਾਈਮ ਦਾ ਬੋਧ ਕਰਾਉਣ।
ਸੂਈਆਂ ਦੇਖਾਂ ਲਾ ਕੇ ਨੀਝ।
ਸੋਚ ਕੇ ਬੁੱਝੋ ਕੀ ਹੈ ਚੀਜ਼ ?
(ਗੁੱਟ ਘੜੀ)
ਇਸ ਪੁਸਤਕ ਵਿਚਲੀਆਂ ਇਨ੍ਹਾਂ ਕਾਵਿ-ਬੁਝਾਰਤਾਂ ਨੂੰ ਬੁੱਝਣ ਲਈ ਬੱਚਿਆਂ ਦੀ ਦਿਮਾਗ਼ੀ ਕਸਰਤ ਹੋਵੇਗੀ, ਜਿਸ ਨਾਲ ਬੱਚਿਆਂ ਦਾ ਦਿਮਾਗ਼ੀ ਪੱਧਰ, ਸੋਚ, ਸੂਝ-ਬੂਝ ਹੋਰ ਵਿਕਸਿਤ ਹੋਵੇਗੀ। ਇਹ ਬਾਲ ਪੁਸਤਕ ਬੱਚਿਆਂ ਲਈ ਅਨਮੋਲ ਤੋਹਫ਼ਾ ਹੈ। ਬਾਲ ਸਾਹਿਤ 'ਚ ਅਜਿਹੀ ਰੌਚਿਕ ਕਾਵਿ-ਬੁਝਾਰਤਾਂ ਦੀ ਪੁਸਤਕ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਸੰਸਾਰ ਪ੍ਰਸਿੱਧ ਖੇਡ
ਕਹਾਣੀਆਂ
ਅਨੁਵਾਦਕ : ਗੁਰਮੇਲ ਮਡਾਹੜ
ਸੰਪਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-28027
'ਸੰਸਾਰ ਪ੍ਰਸਿੱਧ ਖੇਡ ਕਹਾਣੀਆਂ' ਬਹੁਪੱਖੀ ਸਾਹਿਤਕਾਰ ਗੁਰਮੇਲ ਮਡਾਹੜ ਦੁਆਰਾ ਅਨੁਵਾਦ ਕੀਤੀ ਅਤੇ ਕਰਮ ਸਿੰਘ ਜ਼ਖ਼ਮੀ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ ਜਿਸ ਵਿਚ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਖਿਡਾਰੀਆਂ ਸੰਬੰਧੀ ਲਿਖੀਆਂ ਕਹਾਣੀਆਂ ਪੇਸ਼ ਹੋਈਆਂ ਹਨ। ਸੰਸਾਰ ਦੇ ਜਿਨ੍ਹਾਂ ਮੁਲਕਾਂ ਦੇ ਲੇਖਕਾਂ ਦੀਆਂ ਕਹਾਣੀਆਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿਚ ਰੂਸ, ਬਰਤਾਨੀਆ, ਅਮਰੀਕਾ, ਪੁਰਤਗਾਲ, ਨਿਊਜ਼ੀਲੈਂਡ, ਫਰਾਂਸ, ਪਾਕਿਸਤਾਨ, ਜਰਮਨੀ, ਬ੍ਰਾਜ਼ੀਲ ਅਤੇ ਪੰਜਾਬ (ਭਾਰਤ) ਪ੍ਰਮੁੱਖ ਹਨ। ਇਨ੍ਹਾਂ ਕਹਾਣੀਆਂ ਵਿਚ ਕੁਝ ਇਕ ਕਹਾਣੀਆਂ ਅਜਿਹੀਆਂ ਵੀ ਹਨ ਜੋ ਕਿਸੇ ਇਕ ਦੇਸ਼ ਦੇ ਇਕ ਤੋਂ ਵੱਧ ਕਹਾਣੀਕਾਰਾਂ ਦੁਆਰਾ ਲਿਖੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਵੱਖ-ਵੱਖ ਕਹਾਣੀਕਾਰਾਂ ਨੇ ਖਿਡਾਰੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਖੇਡ ਦੌਰਾਨ ਕੀਤੇ ਸੰਘਰਸ਼ ਅਤੇ ਦਰਪੇਸ਼ ਚੁਣੌਤੀਆਂ ਦਾ ਵਰਨਣ ਬੜੇ ਹੀ ਵਿਵੇਕਪੂਰਨ ਤਰੀਕੇ ਨਾਲ ਕੀਤਾ ਹੈ। ਮਿਸਾਲ ਵਜੋਂ 'ਖੂਨੀ ਮੈਚ' ਕਹਾਣੀ ਵਿਚ ਸਾਰੇ ਹੀ ਖਿਡਾਰੀਆਂ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਹਾਰਦੇ ਨਹੀਂ ਹਨ। ਇਸ ਤਰ੍ਹਾਂ 'ਮਾਸ ਦਾ ਟੁਕੜਾ' ਅਤੇ 'ਖਿਡਾਰੀ ਦਾ ਦਿਲ' ਕਹਾਣੀਆਂ ਵੀ ਖਿਡਾਰੀਆਂ ਦੀ ਮਨੋਦਸ਼ਾ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਹਨ। ਪੰਜਾਬੀ ਕਹਾਣੀ 'ਏਕਲਵਯਾ' ਵੀ ਖਿਡਾਰੀ ਨੂੰ ਨਵੇਂ ਪ੍ਰਸੰਗ ਵਿਚ ਪੇਸ਼ ਕਰਨ ਵਾਲੀ ਕਹਾਣੀ ਹੈ। ਕਈ ਵਾਰੀ ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਖਿਡਾਰੀ ਜਾਨ ਤੋਂ ਹੱਥ ਇਸ ਕਰਕੇ ਵੀ ਧੋ ਬੈਠਦੇ ਹਨ ਕਿਉਂਕਿ ਉਹ ਸਵੈ-ਮਾਣ ਨਾਲ ਜਿਊਣਾ ਚਾਹੁੰਦੇ ਹਨ। ਸਾਨ੍ਹ 'ਤੇ ਵਾਰ ਕਰਨ ਵਾਲੀ ਖ਼ਤਰਨਾਕ ਖੇਡ ਵਿਚ ਵੀ ਖਿਡਾਰੀ ਆਪਣੀ ਜਾਨ ਤੋਂ ਵਿਰਵੇ ਹੋ ਜਾਂਦੇ ਹਨ। ਸਾਨੂੰ ਇਹ ਕਹਾਣੀਆਂ ਪੜ੍ਹ ਕੇ ਇਹ ਅਹਿਸਾਸ ਵੀ ਹੋ ਜਾਂਦੇ ਹਨ ਕਿ ਖਿਡਾਰੀਆਂ ਦੀ ਗਲੈਮਰ ਭਰੀ ਜ਼ਿੰਦਗੀ ਦੇ ਪਿੱਛੇ ਹੋਰ ਕਿਹੜੇ-ਕਿਹੜੇ ਸੱਚ ਲੁਕੇ ਹੋਏ ਹਨ। ਇਸ ਪੁਸਤਕ ਵਿਚ ਕੁੱਲ 22 ਕਹਾਣੀਆਂ ਸ਼ਾਮਿਲ ਹਨ, ਜੋ ਇਕੋ ਖੇਤਰ ਅਤੇ ਵਿਸ਼ੇ ਨਾਲ ਸੰਬੰਧਿਤ ਇਕ ਨਵੀਨ ਕਾਰਜ ਹੈ। ਇਹ ਕਹਾਣੀਆਂ ਏਨੀਆਂ ਦਿਲਚਸਪ ਅਤੇ ਸੱਚ ਦੇ ਨਜ਼ਦੀਕ ਹਨ ਕਿ ਪਾਠਕ ਨੂੰ ਆਪਣੇ ਨਾਲ ਹੀ ਤੋਰ ਲੈਂਦੀਆਂ ਹਨ। ਗੁਰਮੇਲ ਮਡਾਹੜ ਦੀ ਮਿਹਨਤ ਦੀ ਮੂੰਹ ਬੋਲਦੀ ਮਿਸਾਲ ਇਨ੍ਹਾਂ ਕਹਾਣੀਆਂ ਨੂੰ ਕਰਮ ਸਿੰਘ ਜ਼ਖ਼ਮੀ ਨੇ ਸੰਪਾਦਿਤ ਕਰਨ ਦਾ ਵਧੀਆ ਯਤਨ ਕੀਤਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਨਾਨਕ ਦਰਸ਼ਨ ਤੇ ਸਹਿਜ-ਸੁਭਾਅ
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਕਾਵਿ-ਸ਼ਾਸਤਰ, ਫਗਵਾੜਾ
ਮੁੱਲ : 350 ਰੁਪਏ, ਸਫ਼ੇ : 140
ਸੰਪਰਕ : 98156-04864
ਚਰਨ ਸਿੰਘ ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿੰਦਾ ਹੋਇਆ ਪੰਜਾਬੀ ਸਾਹਿਤ ਸਿਰਜਣਾ ਨਾਲ ਲਗਾਤਾਰ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇ ਸ਼ਬਦ ਦਰਸ਼ਨ ਨੂੰ ਸਮਰਪਤ ਉਸ ਦੀ ਇਸ ਪੁਸਤਕ ਵਿਚ ਦੋ ਕਾਵਿ ਨਾਟਕ ਹਨ, ਪਹਿਲਾ 'ਨਾਨਕ ਦਰਸ਼ਨ' ਅਤੇ ਦੂਸਰਾ 'ਸਹਿਜ-ਸੁਭਾਅ'।
ਨਾਟਕ 'ਨਾਨਕ ਦਰਸ਼ਨ' ਦੀ ਆਰੰਭਤਾ ਵਿਚ ਨਾਟਕਕਾਰ ਪਾਠਕ ਨਾਲ ਸਾਂਝ ਪਾਉਂਦਾ ਹੈ ਕਿ ਗੁਰੂ ਨਾਨਕ ਨੇ ਆਤਮਾ ਰਾਹੀਂ ਪਹਿਲਾਂ ਬ੍ਰਹਮ ਨੂੰ ਪਾਇਆ, ਫਿਰ ਜਪੁਜੀ ਦੀ ਰਚਨਾ ਕੀਤੀ। ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੇ ਗੁਣਾਂ ਨੂੰ ਜੀਵਿਆ, ਹੰਢਾਇਆ ਤੇ ਅਹਿਸਾਸਿਆ, ਆਪਣੇ ਜੀਵਨ ਵਿਚ ਉਤਾਰਿਆ। ਨਾਟਕ ਦੇ ਛੇ ਪਾਤਰਾਂ ਵਿਚੋਂ ਇਕ ਪਿੱਠਵਰਤੀ ਆਵਾਜ਼ ਅਤੇ ਇਕ ਥੀਮ ਗੀਤ ਹੈ, ਜਿਸ ਰਾਹੀਂ ਨਾਟਕਕਾਰ ਕਹਾਣੀ ਨੂੰ ਅੱਗੇ ਤੋਰਦਾ ਨਾਨਕ ਦਰਸ਼ਨ ਕਰਵਾਉਂਦਾ ਹੈ। ਸਮਾਂ ਅਤੇ ਤ੍ਰਿਸ਼ਨਾ ਨਾਟਕ ਦੇ ਹੋਰ ਦੋ ਪਾਤਰ ਹਨ ਜਿਨ੍ਹਾਂ ਦੀ ਵਾਰਤਾਲਾਪ ਨਾਨਕ ਕਾਲ ਨੂੰ ਉਭਾਰਦੀ ਹੈ ਜਦੋਂ ਕਿ ਸਾਧੂ ਅਤੇ ਅਭਿਵਿਅਕਤੀ ਨਾਂਅ ਦੇ ਪਾਤਰਾਂ ਰਾਹੀਂ ਨਾਟਕਕਾਰ ਨਾਟਕ ਦੇ ਦ੍ਰਿਸ਼ਾਂ ਨੂੰ ਬੰਨ੍ਹਦਾ ਹੈ। ਇਹ ਛੇ ਪਾਤਰ ਵੱਖ-ਵੱਖ ਦ੍ਰਿਸ਼ਾਂ ਰਾਹੀਂ ਪਾਠਕ ਨੂੰ ਨਾਨਕ ਦਰਸ਼ਨ ਕਰਵਾ ਕੇ ਨਾਨਕ ਦੀ ਵਿਚਾਰਧਾਰਾ ਵਿਚ ਸਮੋਅ ਦਿੰਦੇ ਹਨ। ਨਾਟਕ ਵਿਚ ਰੌਸ਼ਨੀ ਅਤੇ ਅਵਾਜ਼ ਰਾਹੀਂ ਵੱਖ-ਵੱਖ ਦ੍ਰਿਸ਼ਾਂ ਨੂੰ ਉਭਾਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜੋ ਨਾਟਕ ਦੇ ਮੰਚਨ ਸਮੇਂ ਨਿਰਦੇਸ਼ਕ ਅਤੇ ਕਲਾਕਾਰਾਂ ਲਈ ਸਹਾਈ ਹੋਣਗੇ।
ਪੁਸਤਕ ਵਿਚਲਾ ਦੂਸਰਾ ਨਾਟਕ 'ਸਹਿਜ ਸੁਭਾਅ' ਹੈ। ਇਸ ਪਰਿਵਾਰਕ ਕਹਾਣੀ ਦੇ ਅੱਠ-ਦਸ ਪਰਿਵਾਰਕ ਪਾਤਰ ਹਨ ਜਿਨ੍ਹਾਂ ਦੀ ਵਾਰਤਾਲਾਪ ਨੂੰ ਪਿਠਵਰਤੀ ਆਵਾਜ਼ ਅਤੇ ਥੀਮ ਗੀਤ ਨਾਲ ਵੱਖ-ਵੱਖ ਦ੍ਰਿਸ਼ਾਂ ਰਾਹੀਂ ਰੂਪਮਾਨ ਕੀਤਾ ਗਿਆ ਹੈ। ਮੁੱਖ ਪਾਤਰ ਕੈਥੀ ਇਕ ਨੌਜਵਾਨ ਖ਼ੂਬਸੂਰਤ ਵਿਆਹੀ ਵਰੀ ਲੜਕੀ ਹੈ। ਉਸ ਦਾ ਪਤੀ ਜਾਰਜ ਅਤੇ ਉਸ ਦੇ ਦੋ ਮਿੱਤਰ ਜੋਨ ਅਤੇ ਮਾਈਕ ਹਨ। ਕਹਾਣੀ ਵਿਚ ਕੈਥੀ ਦੇ ਪੇਕਿਆਂ ਦਾ ਪਰਿਵਾਰ ਵੀ ਹਿੱਸਾ ਬਣਦਾ ਹੈ। ਉਸ ਦਾ ਪਿਤਾ ਸਟੀਵ, ਮਤਰੇਈ ਮਾਂ ਜੈਕਲੀਨ, ਸਕਾ ਭਰਾ ਰਿਚਰਡ ਅਤੇ ਨੌਕਰਾਨੀ ਜੈਸਮੀਨ। ਜਾਰਜ ਦੇ ਮਿੱਤਰ ਜੋਨ ਦਾ ਵਪਾਰੀ ਹੋਣਾ ਅਤੇ ਵਪਾਰ ਵਿਚ ਤਬਾਹ ਹੁੰਦੇ ਆਮ ਮਿਹਨਤਕਸ਼ ਲੋਕਾਂ ਬਾਰੇ ਕੈਥੀ ਚਰਚਾ ਕਰਦੀ ਹੈ। ਜਾਰਜ ਦੇ ਦੂਸਰੇ ਮਿੱਤਰ ਮਾਇਕ ਦੀ ਕਲਾ ਕ੍ਰਿਤ ਬਾਰੇ ਸਹਜ ਚਰਚਾ ਹੁੰਦੀ ਹੈ ਜੋ ਕੈਥੀ ਨੂੰ ਪਸੰਦ ਹੈ।
ਕੈਥੀ ਮਾਨਸਿਕ ਉਲਝਣ ਵਿਚ ਹੈ ਕਿਉਂ ਉਹ ਆਪਣੇ ਭਰਾ ਰਿਚਰਡ ਪ੍ਰਤੀ ਉਲਾਰ ਹੁੰਦੀ ਹੈ। ਭੈਣ ਭਰਾ ਦੇ ਰਿਸ਼ਤੇ ਨੂੰ ਨਕਾਰਦੀ ਹੈ। ਸ਼ਾਇਦ ਉਸ ਦੇ ਬਾਪ ਦੀ ਕੀਤੀ ਰਿਸ਼ਤੇ ਪਲੀਤ ਕਰਨ ਦੀ ਗ਼ਲਤੀ ਦਾ ਨਤੀਜਾ ਹੈ। ਕੈਥੀ ਦੀ ਇਹ ਸੋਚ ਸਿਖਰ 'ਤੇ ਪਹੁੰਚਦੀ ਲਾਲ ਸੁਰਖ ਹੁੰਦੀ ਹੈ ਤਾਂ ਅਚਾਨਕ ਸਹਿਜ ਸੁਭਾਅ ਉਸ ਦੀ ਮਾਨਸਿਕਤਾ ਸੋਚਾਂ ਵਿਚ ਘਿਰਦੀ ਹੈ ਅਤੇ ਉਹ ਆਪਣੀ ਭਟਕਣ ਤੋਂ ਵਾਪਸ ਪਰਤਦੀ ਹੋਈ, ਆਪਣੇ ਪਤੀ ਜਾਰਜ ਦੇ ਗਲ ਲਗਦੀ ਹੈ। ਇਹ ਇਸ ਨਾਟਕ ਦੀ ਇਕ ਵਿਲੱਖਣ ਕਹਾਣੀ ਹੈ ਜਿਸ ਨੂੰ ਨਾਟਕਕਾਰ ਨੇ ਅੰਤ ਤੇ ਨਾਟਕੀ ਅੰਦਾਜ਼ ਵਿਚ ਮੋੜ ਦਿੱਤਾ ਹੈ।
-ਨਿਰਮਲ ਜੌੜਾ
ਮੋਬਾਈਲ : 98140-78799