17-11-2024
ਸੇਈ ਪਿਆਰੇ ਮੇਲ
ਲੇਖਕ : ਲੈਫਟੀਨੈਂਟ ਕਰਨਲ ਰਘਬੀਰ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਭੇਟਾ : 200 ਰੁਪਏ, ਸਫ਼ੇ : 103
ਸੰਪਰਕ : 98781-76608
ਬਾਬਾ ਰਾਮ ਸਿੰਘ ਸਰਹਾਲੀ ਵਾਲੇ ਅਜਿਹੇ ਅਦੁੱਤੀ ਮਹਾਂਪੁਰਖ ਹੋਏ ਹਨ ਜਿਨ੍ਹਾਂ ਆਪਣੇ ਜੀਵਨ ਕਾਲ ਵਿਚ ਅਨੇਕਾਂ ਹੀ ਪ੍ਰਾਣੀਆਂ ਨੂੰ ਸਿੱਖੀ ਦੀ ਜਾਗ ਲਾਈ ਤੇ ਸੰਸਾਰ ਦਾ ਭਲਾ ਕੀਤਾ। ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲੈ ਕੇ ਪ੍ਰਮੇਸ਼ਵਰ ਅੱਗੇ ਅਰਦਾਸ ਕਰ ਲੇਖਕ ਨੇ ਹਥਲੀ ਪੁਸਤਕ ਦੀ ਰਚਨਾ ਕੀਤੀ ਹੈ। ਇਸ ਕਿਤਾਬ ਨੂੰ ਲੇਖਕ ਨੇ 31 ਸਿਰਲੇਖਾਂ ਵਿਚ ਵੰਡਿਆ ਹੈ ਜਿਨ੍ਹਾਂ ਵਿਚ ਸਰਹਾਲੀ ਕਲਾਂ ਪਿੰਡ ਦਾ ਇਤਿਹਾਸਕ ਪਿਛੋਕੜ, ਪਿੰਡ ਸਰਹਾਲੀ ਕਲਾਂ ਵਿਚ ਸੁਸ਼ੋਭਿਤ ਗੁਰੂ ਘਰ ਦੀ ਮਹੱਤਤਾ, ਬੰਸਾਵਲੀ ਬਾਬਾ ਰਾਮ ਸਿੰਘ, ਭਾਈ ਉਧੈ ਸਿੰਘ, ਮਹਾਂਪੁਰਖ ਬਾਬਾ ਜੱਸਾ ਸਿੰਘ, ਬਾਬਾ ਨੰਦ ਸਿੰਘ, ਜਮਰੌਦ ਦੇ ਕਿਲ੍ਹੇ ਦਾ ਫ਼ਤਹਿ ਹੋਣਾ, ਭੋਰੇ ਦੇ ਬਾਹਰ ਸੱਪ ਦਾ ਪਹਿਰਾ, ਪੋਤਰੇ ਦਾ ਅਕਾਲ ਚਲਾਣਾ, ਰਿਆਸਤ ਨਾਭਾ ਦੇ ਸਮਾਗਮ 'ਤੇ ਰਾਜਾ ਹੀਰਾ ਸਿੰਘ ਕੋਲ ਜਾਣਾ, ਮਹਾਰਾਜਾ ਹੀਰਾ ਸਿੰਘ ਦਾ ਸਰਹਾਲੀ ਕਲਾਂ ਆਉਣਾ, ਸਿੱਖ ਨੂੰ ਸਾਹਨ ਦੀ ਜੂਨੀ ਤੋਂ ਖਲਾਸੀ ਦਿਵਾਉਣ ਦੀ ਸਾਖੀ, ਸਿੰਘ ਸਾਹਿਬ ਬਾਬਾ ਰਾਮ ਸਿੰਘ, ਤਾਂਤਰਿਕ ਨੂੰ ਸੁਧਾਰਨਾ, ਰਹਿਤ ਮਰਿਆਦਾ 'ਤੇ ਦ੍ਰਿੜ੍ਹਤਾ, ਸਿੱਖ ਸੇਵਕ ਦੀ ਪੀਰਾਂ ਨਾਲ ਤੁਲਨਾ ਅਤੇ ਜ਼ਿੱਦ, ਅੰਗਰੇਜ਼ ਅਫ਼ਸਰ ਪਾਸੋਂ ਬੰਦੂਕ ਖੋਹਣੀ, ਇਕ ਰੁਪਿਆ ਪ੍ਰਤੀ ਚੁੱਲ੍ਹਾ ਉਗਰਾਹੀ ਦੀ ਘਟਨਾ, ਗਾਗਰਾਂ ਵਿਚ ਸੰਗਤਾਂ ਨੂੰ ਦੁੱਧ ਛਕਾਉਣਾ, ਬੀਕਾਨੇਰ (ਰਾਜਸਥਾਨ) ਦੇ ਕਾਲ-ਪੀੜਤਾਂ ਦੀ ਸੇਵਾ ਕਰਨਾ, ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣਾ ਤੇ ਰਿਆਸਤ ਪਟਿਆਲਾ, ਨਾਭਾ ਦੇ ਰਾਜ ਮਹਿਲਾਂ ਵਿਚ ਜਾਣਾ, ਬਾਬਾ ਜੀ ਵਲੋਂ ਘੋੜਾ ਫੇਰ ਕੇ ਕੱਲਰ ਖ਼ਤਮ ਕਰਨਾ, ਤਰਨ ਤਾਰਨ ਸਾਹਿਬ ਗੁਰਦੁਆਰਾ ਵਿਚ ਸਰਹਾਲੀ ਦਾ ਬੁੰਗਾ ਸਥਾਪਿਤ ਕਰਨਾ, ਬਾਬਾ ਪ੍ਰਤਾਪ ਸਿੰਘ, ਨਿਹੰਗ ਮਾਖੇ ਦੈਂਤ ਵਾਲੀ ਘਟਨਾ, ਮਾਸਟਰ ਅਜੀਤ ਸਿੰਘ (ਫ਼ਰੀਦ ਜੀ) ਅਤੇ ਇਨ੍ਹਾਂ ਦੇ ਭਰਾ ਗਿਆਨੀ ਗੁਰਦੀਪ ਸਿੰਘ ਦਾ ਸੇਵਾ ਵਿਚ ਆਉਣਾ, ਬਾਬਾ ਨੰਦ ਸਿੰਘ ਦੇ ਪੁਰਾਣੇ ਅੰਗੀਠਾ ਸਾਹਿਬ ਦੀ ਘਟਨਾ, ਨਵੇਂ ਦਰਬਾਰ ਸਾਹਿਬ ਦੀ ਉਸਾਰੀ, ਮਾਸਟਰ ਅਜੀਤ ਸਿੰਘ (ਫ਼ਰੀਦ ਜੀ) ਦੀ ਨੌਕਰੀ ਵਾਲੀ ਘਟਨਾ, ਬਾਬਾ ਤਾਰਾ ਸਿੰਘ ਦਾ ਇਸ ਡੇਰੇ (ਗੁਰੂਘਰ) ਨਾਲ ਸੰਬੰਧ ਸ਼ਾਮਿਲ ਹਨ। ਬਾਬਾ ਰਾਮ ਸਿੰਘ ਦਾ ਜਨਮ ਪਿਤਾ ਬਾਬਾ ਨੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਗੁੱਜਰ ਕੌਰ ਦੇ ਉਦਰ ਤੋਂ 1851 ਈਸਵੀਂ ਵਿਚ ਪਿੰਡ ਸਰਹਾਲੀ ਕਲਾਂ ਵਿਖੇ ਹੋਇਆ। ਆਪ ਨੇ ਗੁਰਮੁਖੀ ਦੀ ਵਿੱਦਿਆ ਗੁਰਦੁਆਰਾ ਸਾਹਿਬ ਵਿਚੋਂ ਗ੍ਰਹਿਣ ਕੀਤੀ। ਆਪ ਦੇ ਪਿਤਾ ਬਾਬਾ ਨੰਦ ਸਿੰਘ ਇਕ ਉੱਚ-ਕੋਟੀ ਦੇ ਭਜਨੀਕ ਅਤੇ ਗੁਰਸਿੱਖੀ ਵਿਚ ਨਿਪੁੰਨ ਹੋਣ ਕਾਰਨ, ਇਨ੍ਹਾਂ ਦੀ ਪਾਲਣਾ-ਪੋਸ਼ਣਾ ਗੁਰਸਿੱਖੀ ਦੇ ਮਾਹੌਲ ਅਤੇ ਆਸ਼ੇ ਅਨੁਸਾਰ ਹੋਈ। ਇਸ ਤਰ੍ਹਾਂ ਸ਼ੁਰੂ ਤੋਂ ਹੀ ਗੁਰਸਿੱਖੀ ਵਾਲੇ ਵਾਤਾਵਰਨ ਅਤੇ ਰਸਤੇ 'ਤੇ ਚੱਲਦੇ ਹੋਏ ਜਵਾਨ ਹੋਏ। ਜਵਾਨ ਹੁੰਦਿਆਂ ਇਨ੍ਹਾਂ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵਿਚ ਪ੍ਰਬੀਨਤਾ ਹਾਸਿਲ ਕੀਤੀ। ਬਾਬਾ ਜੀ ਸਮੁੱਚੇ ਰੂਪ ਵਿਚ ਸੰਤ ਸਿਪਾਹੀ ਵਾਲੀ ਸਰੂਪਤਾ ਦੇ ਧਾਰਨੀ ਵਾਲੇ ਸਨ। ਸੰਤ ਬਾਬਾ ਰਾਮ ਸਿੰਘ ਉੱਚ ਕੋਟੀ ਦੇ ਭਜਨੀਕ ਅਤੇ ਬਿਬੇਕੀ ਸਿੰਘ ਹੋਏ ਹਨ ਜੋ ਜੀਵਨ ਭਰ ਨਿਹੰਗੀ ਬਾਣੇ ਵਿਚ ਵਿਚਰਦੇ ਰਹੇ ਹਨ। ਆਪ ਇਕ ਨਿਡਰ, ਰੋਹਬ ਭਰਪੂਰ, ਸੂਰਬੀਰ ਅਤੇ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ। ਆਪ ਜੀ ਦਾ ਪੰਛੀਆਂ ਅਤੇ ਜਾਨਵਰਾਂ ਨਾਲ ਵੀ ਬਹੁਤ ਸਨੇਹ ਸੀ । ਇਸੇ ਕਾਰਨ ਤਾ-ਉਮਰ ਉਨ੍ਹਾਂ ਸਾਕਾਹਾਰੀ ਭੋਜਨ ਹੀ ਸੇਵਨ ਕੀਤਾ ਹੈ। ਆਪ ਜੀ ਦੇ ਦਿਲ ਵਿਚ ਦੇਸ਼ਭਗਤੀ, ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸਰਹਾਲੀ ਕਲਾਂ ਅਤੇ ਇਸ ਨਗਰ ਵਿਚੋਂ ਅੱਗੇ ਅਬਾਦ ਹੋਏ ਬਾਈ ਪਿੰਡਾਂ (ਬਾਹੀਆ) ਵਿਚ ਬਾਬਾ ਜੀ ਦੀ ਸ਼ਰਧਾਪੂਰਵਕ ਮਾਨਤਾ ਹੈ। ਬਾਬਾ ਜੀ ਦੇ ਪਿਤਾ ਬਾਬਾ ਨੰਦ ਸਿੰਘ ਨੇ 40 ਸਾਲ ਇੱਥੇ ਕੱਚੇ ਭੋਰੇ ਵਿਚ ਸਖ਼ਤ ਤਪੱਸਿਆ ਕੀਤੀ ਸੀ। ਜੋਗੀ ਭੀਮ ਨਾਥ ਨੇ ਆਪਣੇ ਹੱਥੀ ਸਰਹਾਲੀ ਪਿੰਡ ਦਾ ਮੋਹੜਾ ਗੱਡਿਆ ਸੀ। ਜਿਵੇਂ-ਜਿਵੇਂ ਪਰਿਵਾਰ ਵਧਦਾ ਗਿਆ, ਇੱਥੋਂ ਸੰਧੂਆਂ ਦੇ ਕਈ ਟੱਬਰ ਨਿਕਲ ਕੇ ਕਈ ਹੋਰ ਥਾਵਾਂ (ਪਿੰਡਾਂ) 'ਚ ਵੱਸਦੇ ਗਏ । ਸਮਾਂ ਪਾ ਕੇ ਇਹ ਬਾਈ ਪਿੰਡ ਬਣ ਗਏ। ਅਸਲ ਵਿਚ ਸੰਤਾਂ, ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨੂੰ ਕਲਮਬੱਧ ਕਰਨ ਦਾ ਵਿਸ਼ੇਸ਼ ਮਹੱਤਵ ਇਹੀ ਹੁੰਦਾ ਹੈ ਕਿ ਉਨ੍ਹਾਂ ਦੁਆਰਾ ਜੀਵਿਆ ਅਗੰਮੀ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਕ ਚਾਨਣ-ਮੁਨਾਰਾ ਬਣੇ। ਜਿਸ ਨਾਲ ਉਹ ਆਪਣਾ ਮਨੁੱਖਾ ਜੀਵਨ ਸਫ਼ਲ ਕਰ ਸਕਣ। ਇਸੇ ਪ੍ਰਥਾਏ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ (ਡੇਰਾ ਬਾਬਾ ਰਾਮ ਸਿੰਘ), ਪਿੰਡ ਸਰਹਾਲੀ ਕਲਾਂ (ਤਰਨ ਤਾਰਨ) ਜੀ ਦੇ ਜੀਵਨ-ਬਿਰਤਾਂਤ ਨੂੰ ਉਲੀਕਿਆ ਗਿਆ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਬਾਲ ਤਰੰਗਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 56
ਸੰਪਰਕ : 094196-36562
'ਮਿੱਤਰਾਂ ਨਾਲ ਬਹਾਰਾਂ' ਬਾਲ ਗੀਤ ਪੁਸਤਕ ਤੋਂ ਬਾਅਦ ਬਲਵਿੰਦਰ ਸਿੰਘ ਜੰਮੂ ਦੀ ਦੂਜੀ ਬਾਲ ਗੀਤ ਪੁਸਤਕ 'ਬਾਲ ਤਰੰਗਾਂ' ਛਪੀ ਹੈ। ਪ੍ਰੌੜ ਸਾਹਿਤ ਦੇ ਦੋ ਕਾਵਿ-ਸੰਗ੍ਰਹਿ 'ਮਨ ਮੰਦਿਰ' ਅਤੇ 'ਯਾਦਾਂ' ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਕਿਤਾਬੜੀ 'ਚ ਬੱਚਿਆਂ ਲਈ 24 ਬਾਲ ਕਵਿਤਾਵਾਂ ਵੱਖੋ-ਵੱਖ ਵਿਸ਼ਿਆਂ ਵਾਲੀਆਂ ਹਨ। ਕਈ ਸੰਬੋਧਨੀ ਕਵਿਤਾਵਾਂ ਬੱਚਿਆਂ ਨੂੰ ਸਿੱਖਿਆ ਦੇਣ 'ਤੇ ਜ਼ੋਰ ਦਿੰਦੀਆਂ ਹਨ ਜਿਵੇਂ ਬੱਚਿਓ ਰੱਖੋ ਸਾਫ਼-ਸਫਾਈ, ਆਓ ਬੱਚਿਓ ਮੈਂ ਸੁਣਾਵਾਂ, ਬੱਚਿਓ ਰੋਜ਼ ਪੀਓ ਦੁੱਧ ਤੇ ਖ਼ੂਬ ਕਰੋ ਪੜ੍ਹਾਈ, ਕੁਦਰਤ ਨਾਲ ਸਾਂਝ ਪਾਉਣ ਵਾਲੀਆਂ ਕਵਿਤਾਵਾਂ ਬੱਚਿਆਂ ਨੂੰ ਸੁੰਦਰਤਾ ਮਾਨਣ ਦਾ ਅਹਿਸਾਸ ਕਰਵਾਉਂਦੀਆਂ ਹਨ। ਬੱਚਿਆਂ ਨੂੰ ਪ੍ਰਕਿਰਤੀ ਦੀ ਮਹੱਤਤਾ ਦਾ ਸੰਦੇਸ਼ ਦਿੰਦੀਆਂ ਹਨ। ਜਿਵੇਂ ਬਸੰਤ ਬਹਾਰ, ਮਾਨਸਰ ਝੀਲ, ਹਰਿਆਵਲ, ਬੱਦਲਾ ਬੱਦਲਾ ਹੋਰ ਨਾ ਵਰ੍ਹ ਅਤੇ ਆਈ ਠੰਢ ਮਾਰੋ ਮਾਰ, ਬਾਲ ਮਨੋਵਿਗਿਆਨ ਦੇ ਪੱਖੋਂ ਕਈ ਵਿਸ਼ੇ ਬੱਚੇ ਰਾਹੀਂ ਉਪਦੇਸ਼-ਆਤਮਿਕ ਸ਼ੈਲੀ 'ਚ ਢੁਕਵੇਂ ਨਹੀਂ, ਜਿਵੇਂ ਪਾਪਾ ਨਸ਼ਾ ਨਾ ਕਰੋ ਤੇ ਪਾਪਾ ਨਵਾਂ ਘਰ ਬਣਾਓ ਕਵਿਤਾਵਾਂ, ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਮਾਸੀ ਦੇ ਘਰ ਜਾਵਾਂ, ਮੇਰੀ ਮੰਮੀ, ਵੀਰ ਦਾ ਵਿਆਹ, ਮੈਂ ਚੱਲਿਆ ਦਾਣੇ ਭੁਨਾਉਣ ਅਤੇ ਮੰਮੀ ਮੱਕੀ ਦੀ ਰੋਟੀ ਬਣਾਓ, ਸਾਰਥਿਕ ਤੇ ਰੌਚਿਕ ਹਨ, ਜਿਨ੍ਹਾਂ 'ਚ ਬੱਚੇ ਦੀ ਮਾਸੂਮੀਅਤ ਅਤੇ ਅਪਣੱਤ ਝਲਕਦੀ ਹੈ। ਵਿਦਿਆਰਥੀ ਜੀਵਨ ਕਾਲ 'ਚ ਦੇਸ਼ ਭਗਤੀ, ਦੇਸ਼ ਪਿਆਰ ਅਤੇ ਸਾਂਝੀਵਾਲਤਾ ਪ੍ਰਜਵੱਲਤ ਕਰਨੀ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ। ਨਰੋਈਆਂ ਨੈਤਿਕ ਕਦਰਾਂ-ਕੀਮਤਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ। ਇਨ੍ਹਾਂ ਸੰਕਲਪਾਂ ਨੂੰ ਉਜਾਗਰ ਕਰਨ ਲਈ ਲੇਖਕ ਵਲੋਂ ਮੇਰਾ ਸਕੂਲ, ਮੇਰਾ ਦੇਸ਼ ਹੈ ਸਭ ਤੋਂ ਪਿਆਰਾ ਅਤੇ ਸਾਡਾ ਹਿੰਦੁਸਤਾਨ ਕਵਿਤਾਵਾਂ ਜ਼ਿਕਰਯੋਗ ਹਨ। ਕਵਿਤਾਵਾਂ ਦੇ ਅਰਥ ਸਮਝਣ ਲਈ ਤਸਵੀਰਾਂ ਆਕਰਸ਼ਿਤ ਕਰਦੀਆਂ ਹਨ ਅਤੇ ਬੱਚਿਆਂ ਨਾਲ ਸਾਂਝ ਪਾਉਂਦੀਆਂ ਹਨ। ਜੰਮੂ-ਕਸ਼ਮੀਰ ਵਿਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਮੋਹ ਜਗਾਉਣ ਲਈ ਲੇਖਕ ਦਾ ਇਹ ਉਦਮ ਪ੍ਰਸੰਸਾਮਈ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਮਹਾਰਾਜਾ ਰਣਜੀਤ ਸਿੰਘ
ਸੰਪਾਦਕ : ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੋਹਾਲੀ
ਮੁੱਲ : 350 ਰੁਪਏ, ਸਫ਼ੇ : 304
ਸੰਪਰਕ : 98148-51500
ਭਾਰਤ ਵਿਚ ਖ਼ਾਲਸਾ ਰਾਜ ਦੇ ਸੰਸਥਾਪਿਕ, ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸਕ ਕੱਦ-ਬੁੱਤ ਏਨਾ ਪ੍ਰਭਾਵਸ਼ਾਲੀ ਸੀ ਕਿ ਭਾਰਤੀ ਸਟੇਟ ਵਿਚ 'ਰਾਮ ਰਾਜ' ਅਤੇ 'ਰਣਜੀਤ ਸਿੰਘ ਰਾਜ' ਵਿਚੋਂ ਕਿਸੇ ਇਕ ਦੀ ਚੋਣ ਮੁਸ਼ਕਿਲ ਹੋਈ ਪਈ ਹੈ। 'ਰਾਜ ਕਰੇਗਾ ਖ਼ਾਲਸਾ' ਦੇ ਸਮਰਥਕ ਪੰਜਾਬੀ ਲੋਕ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਾਡਲ ਨੂੰ ਤਰਜੀਹ ਦੇ ਰਹੇ ਹਨ, ਜਦੋਂ ਕਿ ਆਰ.ਐਸ.ਐਸ. ਵਰਗੇ ਹਿੰਦੂ ਸੰਗਠਨ ਦੇਸ਼ ਵਿਚ ਰਾਮ ਰਾਜ ਦੀ ਸਥਾਪਨਾ ਦਾ ਸੁਪਨਾ ਪਾਲੀ ਬੈਠੇ ਹਨ। ਭਾਵੇਂ ਹਕੀਕਤ ਤਾਂ ਇਹ ਹੈ ਕਿ ਕੋਈ ਵੀ ਪੁਰਾਣਾ ਮਾਡਲ ਵਰਤੋਂ ਯੋਗ ਨਹੀਂ ਹੁੰਦਾ, ਤਾਂ ਵੀ ਲੋਕਾਂ ਦੀ ਜ਼ਿੱਦ ਹੈ। ਕੀ ਕਰੀਏ? ਡਾ. ਭਗਵੰਤ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਵਿਚ ਕੰਮ ਕਰਦਿਆਂ, ਚੜ੍ਹਦੀ ਜਵਾਨੀ ਦੇ ਸਮੇਂ ਹੀ ਅਹਿਸਾਸ ਹੋ ਗਿਆ ਸੀ ਕਿ ਉਸ ਦਾ ਪ੍ਰਯੋਜਨ, ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਅਧਿਐਨ-ਵਿਸ਼ਲੇਸ਼ਣ ਨਾਲ ਹੀ ਸੰਬੰਧਿਤ ਰਹਿਣਾ ਚਾਹੀਦਾ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਉਸ ਨੇ ਨਿੱਠ ਕੇ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ, ਪ੍ਰਾਪਤੀਆਂ, ਨਿਡਰਤਾ ਅਤੇ ਰਾਜਾਤੰਤਰ ਦਾ ਵਿਵਰਣ ਪੇਸ਼ ਕਰਨ ਵਾਸਤੇ ਉਸ ਨੇ ਡਾ. ਗੰਡਾ ਸਿੰਘ, ਸੀਤਾ ਰਾਮ ਕੋਹਲੀ, ਜੀ.ਐਲ. ਚੋਪੜਾ, ਹਰਬੰਸ ਸਿੰਘ, ਸੱਯਦ ਅਬਦੁੱਲ ਕਾਦਿਰ, ਪ੍ਰੋ. ਗੁਲਸ਼ਨ ਰਾਇ, ਸ. ਗੁਰਮੁਖ ਨਿਹਾਲ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ ਅਤੇ ਸ. ਗੁਰਦਿੱਤ ਸਿੰਘ ਵਰਗੇ ਪ੍ਰਮਾਣਿਕ ਇਤਿਹਾਸਕਾਰਾਂ ਦੀਆਂ ਲਿਖਤਾਂ ਹਥਲੇ ਸੰਕਲਨ ਵਿਚ ਸ਼ਾਮਿਲ ਕੀਤੀਆਂ ਹਨ। ਅੰਕਿਤਾਵਾਂ (ਛੇ) ਵਿਚ ਵੀ ਬਹੁਮੁੱਲੀ ਸਮੱਗਰੀ ਸੰਕਲਿਤ ਹੈ।
ਲੇਖਕ ਦਾ ਵਿਚਾਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿਅਕਤੀ-ਬਿੰਬ ਨੂੰ ਵਿਗਾੜਨ ਵਿਚ ਅੰਗਰੇਜ਼ਾਂ, ਹਿੰਦੂਆਂ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ, ਵੀ ਪਹਿਲਾਂ ਤੋਂ ਬਣੀ ਧਾਰਨਾ ਤੋਂ ਕੰਮ ਲਿਆ ਹੈ। ਸਿਰਫ਼ ਡਾ. ਗੰਡਾ ਸਿੰਘ, ਪ੍ਰੇਮ ਸਿੰਘ ਹੋਤੀ, ਸੀਤਾ ਰਾਮ ਕੋਹਲੀ ਅਤੇ ਡਾ. ਜੇ.ਐਸ. ਗਰੇਵਾਲ ਨੇ ਹੀ ਪ੍ਰਾਪਤ ਸੋਮਿਆਂ ਦੇ ਪੁਨਰ ਅਧਿਐਨ ਦੁਆਰਾ ਉਸ ਦੇ ਬਿੰਬ ਨੂੰ ਉਚਿਤ ਪਰਿਪੇਖ ਅਤੇ ਗੌਰਵ ਪ੍ਰਦਾਨ ਕੀਤਾ ਹੈ। ਮਹਾਰਾਜੇ ਦਾ ਧਰਮ-ਨਿਰਪੱਖ ਰਾਜ, ਅੱਜ ਤੱਕ ਵੀ ਇਕ ਮਾਡਲ ਬਣਿਆ ਹੋਇਆ ਹੈ। ਉਸ ਨੇ ਡੋਗਰਿਆਂ ਨੂੰ ਇਸ ਲਈ 'ਸਥਾਨ' ਦੇ ਰੱਖਿਆ ਸੀ ਕਿ ਇਕ ਤਾਂ ਉਹ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਦੀ ਜ਼ਮੀਨੀ ਹਕੀਕਤ ਤੋਂ ਵਾਕਫ ਸਨ ਅਤੇ ਦੂਸਰੇ ਉਹ ਇਕ ਜੰਗਜੂ (ਕਸ਼ਤਰੀ) ਸ਼੍ਰੇਣੀ ਵਿਚੋਂ ਸਨ। ਪਰ ਆਖਰ ਇਹੀ ਕੌਮ ਉਸ ਦੇ ਰਾਜ ਦੀ ਬਰਬਾਦੀ ਦਾ ਕਾਰਨ ਬਣੀ। ਇਤਿਹਾਸ ਵਿਚ ਇਉਂ ਹੁੰਦਾ ਹੀ ਆਇਆ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਖੇਡਾਂ ਮਿੰਕੂ ਤੇ ਚਿੰਟੂ ਦੀਆਂ
ਕਥਾਕਾਰ : ਬਲਜਿੰਦਰ ਮਾਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98150-18947
ਬਲਜਿੰਦਰ ਮਾਨ ਸਾਹਿਤ ਜਗਤ ਵਿਚ ਤਿੰਨ ਚਾਰ ਦਹਾਕਿਆਂ ਤੋਂ ਸਰਗਰਮ ਹੈ। ਸਾਹਿਤ, ਸੱਭਿਆਚਾਰ, ਸਮਾਜਿਕ, ਵਿੱਦਿਅਕ ਅਤੇ ਖੇਡ ਖੇਤਰ ਵਿਚ ਉਸ ਦੀ ਦੇਣ ਕਾਬਲੇ ਗੌਰ ਹੈ। ਉਹ ਅੱਜ ਤੱਕ 21 ਮੌਲਿਕ ਪੁਸਤਕਾਂ, 7 ਦਾ ਅਨੁਵਾਦ ਅਤੇ 35 ਦਾ ਸੰਪਾਦਨ ਕਰ ਚੁੱਕਾ ਹੈ। ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਸ਼ਾਮਿਲ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਨਾਲ ਉਸ ਨੇ ਬਾਲ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਅਤੇ ਪਾ ਰਿਹਾ ਹੈ। ਬਾਲ ਸਾਹਿਤ ਦੇ ਖੇਤਰ ਵਿਚ ਆਪ ਦੀ ਸਰਗਰਮ ਭੂਮਿਕਾ ਹੈ। ਕੁਝ ਬਾਲ ਪੁਸਤਕਾਂ ਨੂੰ ਵੱਕਾਰੀ ਸੰਸਥਾਵਾਂ ਵਲੋਂ ਸਨਮਾਨ ਵੀ ਦਿੱਤੇ ਜਾ ਚੁੱਕੇ ਹਨ। ਹਥਲੀ ਪੁਸਤਕ ਖੇਡਾਂ ਮਿੰਕੂ ਤੇ ਚਿੰਟੂ ਦੀਆਂ ਉਸ ਦਾ ਇਕ ਨਿਵੇਕਲਾ ਤਜਰਬਾ ਹੈ। ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਬਾਲ ਚਿੱਤਰਕਥਾਵਾਂ ਦੀ ਵਿਸ਼ੇਸ਼ ਮਹੱਤਤਾ ਹੈ। ਪਰ ਇਸ ਖੇਤਰ ਵਿਚ ਕਾਰਜ ਬਹੁਤ ਘੱਟ ਹੋਇਆ। ਇਸ ਮਹਾਨਤਾ ਨੂੰ ਦੇਖਦਿਆਂ ਬਲਜਿੰਦਰ ਮਾਨ ਨੇ ਨਿੱਕੀ ਪਨੀਰੀ ਵਾਸਤੇ ਇਹ ਰੰਗਦਾਰ ਬਾਲ ਚਿੱਤਰਕਥਾਵਾਂ ਦੀ ਪੁਸਤਕ ਪੇਸ਼ ਕੀਤੀ ਹੈ। ਹਥਲੀ ਪੁਸਤਕ ਵਿਚ ਜਿਥੇ ਕਥਾਵਾਂ ਬੜੀਆਂ ਰੌਚਕ ਹਨ, ਉਥੇ ਸੁਖਮਨ ਸਿੰਘ ਦੇ ਚਿੱਤਰ ਵੀ ਕਮਾਲ ਦੇ ਹਨ। ਪ੍ਰਾਇਮਰੀ ਤੱਕ ਦੇ ਵਿਦਿਆਰਥੀਆਂ ਨੂੰ ਇਹ ਚਿੱਤਰ ਆਕਰਸ਼ਿਤ ਕਰਦੇ ਹਨ। ਚਿੱਤਰਾਂ ਨਾਲ ਕਥਾ ਪੜ੍ਹਦੇ-ਪੜ੍ਹਦੇ ਬੱਚੇ ਮੰਤਰਮੁਗਧ ਹੋ ਜਾਂਦੇ ਹਨ। ਉਨ੍ਹਾਂ ਦਾ ਜਿਥੇ ਭਰਪੂਰ ਮਨੋਰੰਜਨ ਹੁੰਦਾ ਹੈ, ਉਥੇ ਉਨ੍ਹਾਂ ਅੰਦਰ ਗਿਆਨ ਅਤੇ ਸਿੱਖਿਆ ਦਾ ਸੰਚਾਰ ਵੀ ਹੁੰਦਾ ਹੈ।
ਹਥਲੀ ਪੁਸਤਕ 'ਖੇਡਾਂ ਮਿੰਕੂ ਤੇ ਚਿੰਟੂ ਦੀਆਂ' ਵਿਚ ਬਲਜਿੰਦਰ ਮਾਨ ਦੀਆਂ 10 ਚਿੱਤਰ ਕਥਾਵਾਂ ਸ਼ਾਮਿਲ ਹਨ। ਆਰਟ ਪੇਪਰ 'ਤੇ ਛਪੀ ਇਹ ਰੰਗਦਾਰ ਪੁਸਤਕ ਬੱਚਿਆਂ ਲਈ ਇਕ ਸੁਗਾਤ ਹੈ। ਨਿੱਕੀਆਂ ਕਥਾਵਾਂ ਰਾਹੀਂ ਉਨ੍ਹਾਂ ਨੂੰ ਤੁਰਨ-ਫਿਰਨ, ਬੋਲਣ-ਚੱਲਣ, ਕਿਤਾਬਾਂ ਦੀ ਸਾਂਭ-ਸੰਭਾਲ ਅਤੇ ਸਮਾਜ ਵਿਚ ਵਿਚਰਨ ਦੀਆਂ ਗੱਲਾਂ ਸਿਖਾਈਆਂ ਗਈਆਂ ਹਨ। ਇਨ੍ਹਾਂ ਕਥਾਵਾਂ ਦੇ ਬਾਲ ਪਾਤਰ ਬੱਚਿਆਂ ਨੂੰ ਆਪਣੇ ਨਾਲ ਉਂਗਲੀ ਫੜ ਕੇ ਤੋਰ ਲੈਂਦੇ ਹਨ। ਖੇਡਣ ਦਾ ਚਾਅ, ਖੇਡ ਤੇ ਪੜ੍ਹਾਈ, ਬੋਲ ਬਾਣੀ, ਕਿਤਾਬਾਂ, ਡਰਾਈਵਿੰਗ ਦਾ ਚਾਅ, ਖੇਡਾਂ ਮਿੰਕੂ ਅਤੇ ਜਿੰਟੂ ਦੀਆਂ, ਸਮਾਨਤਾ, ਖਿਲਾਰਾ ਅਤੇ ਰਾਹ ਦਸੇਰੇ ਚਿੱਤਰਕਥਾਵਾਂ ਬੜੀਆਂ ਰੌਚਕ ਅਤੇ ਪ੍ਰੇਰਨਾਦਾਇਕ ਹਨ। ਨਿੱਕੇ ਨਿਆਣਿਆਂ ਲਈ ਇਹ ਪੁਸਤਕ ਇਕ ਰਾਹ ਦਸੇਰੇ ਦਾ ਕੰਮ ਵੀ ਕਰਦੀ ਹੈ। ਬਲਜਿੰਦਰ ਮਾਨ ਵਲੋਂ ਬਾਲ ਸਾਹਿਤ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੇ ਸੁਨਹਿਰੀ ਪੰਨਿਆਂ ਵਿਚ ਇਹ ਪੁਸਤਕ ਇਕ ਹੋਰ ਸੁਨਹਿਰੀ ਪੰਨਾ ਜੋੜਦੀ ਹੈ। ਕੁਦਰਤ ਨਾਲ ਪਿਆਰ ਅਤੇ ਆਲੇ-ਦੁਆਲੇ ਬਾਰੇ ਜਾਣਕਾਰੀ ਦਿੰਦੀ ਹੋਈ ਇਹ ਪੁਸਤਕ ਬਾਲ ਮਨਾਂ ਦੀ ਹਾਣੀ ਪੁਸਤਕ ਹੈ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਦਰ ਗੁਰੂ ਨਾਨਕ ਦੇ
ਲੇਖਕ : ਜਸਵੀਰ ਸਿੰਘ ਗਰਚਾ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 250 ਰੁਪਏ, ਸਫੇ : 136
ਸੰਪਰਕ : 99156-01274
ਇਸ ਪੁਸਤਕ ਦਾ ਲੇਖਕ ਜਸਵੀਰ ਸਿੰਘ ਗਰਚਾ ਅਮਰੀਕਾ ਦੇ ਹਿਊਸਟਨ ਇਲਾਕੇ ਦਾ ਵਸਨੀਕ ਹੈ, ਜਿਥੇ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਇਸ ਦੌਰਾਨ ਉਸ ਨੂੰ ਸਵਾਰੀਆਂ ਦੇ ਰੂਪ ਵਿਚ ਵੱਖ-ਵੱਖ ਦੇਸ਼ਾਂ ਦੇ ਲੋਕ ਮਿਲਦੇ ਹਨ। ਡਰਾਈਵਰ ਸਾਥੀ ਆਪਸ ਵਿਚ ਗੱਲਾਂਬਾਤਾਂ ਕਰਦੇ ਆਪਣੇ-ਆਪਣੇ ਤਜਰਬੇ ਸਾਂਝੇ ਕਰਦੇ ਹਨ। ਲੇਖਕ ਦਾ ਇਕ ਮਿੱਤਰ ਸਫ਼ਦਰ ਹੁਸੈਨ ਮੁਸਲਮਾਨ ਹੁੰਦਿਆਂ ਵੀ ਗੁਰੂ ਘਰ ਅਤੇ ਗੁਰਦੁਆਰਿਆਂ ਵਿਚ ਬਹੁਤ ਦਿਲਚਸਪੀ ਰੱਖਦਾ ਸੀ। ਦੋਵਾਂ ਦੋਸਤਾਂ ਨੇ ਰਲ ਕੇ ਉਥੋਂ ਦੀ ਸੰਗਤ ਦੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਹਵਾਈ ਯਾਤਰਾ ਕਰਨ ਦਾ ਯੋਗਦਾਨ ਬਣਾਇਆ। ਲਾਹੌਰ ਦੇ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਤਿਆਰੀ ਕੀਤੀ। ਰਸਤੇ ਵਿਚ ਖੇਤਾਂ ਦੇ ਦ੍ਰਿਸ਼ ਤੇ ਸਾਰਾ ਆਲਾ-ਦੁਆਲਾ ਉਸ ਨੂੰ ਆਪਣੇ ਦੇਸ਼ ਵਰਗਾ ਹੀ ਮਹਿਸੂਸ ਹੋ ਰਿਹਾ ਸੀ। ਨਨਕਾਣਾ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਉਪਰੰਤ ਉਥੋਂ ਦੇ ਹੋਰ ਗੁਰਦੁਆਰਿਆਂ ਵਿਚ ਵੀ ਉਹ ਨਤਮਸਤਕ ਹੋਏ। ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਅਸਥਾਨ ਵਿਖੇ ਗੁਰੂ ਨਾਨਕ ਦੇਵ ਸਾਹਿਬ ਦਾ ਬਚਪਨ ਬੀਤਿਆ ਸੀ। ਗੁਰਦੁਆਰਾ ਪੱਟੀ ਸਾਹਿਬ ਸਥਾਨ 'ਤੇ ਗੁਰੂ ਜੀ ਨੇ ਪਾਂਧੇ ਨੂੰ ੴ ਦੇ ਅਰਥ ਸਮਝਾਏ ਸਨ। ਗੁਰੁਦਆਰਾ ਕਿਆਰਾ ਸਾਹਿਬ ਵਿਖੇ ਗੁਰੂ ਜੀ ਮੱਝਾਂ ਚਰਾਇਆ ਕਰਦੇ ਸਨ। ਗੁਰਦੁਆਰਾ ਤੰਬੂ ਸਾਹਿਬ ਵਿਖੇ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ। ਇਸ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਜਾਂਦਿਆਂ ਇਕ ਪੁਰਾਤਨ ਸ਼ਿਵਜੀ ਦਾ ਮੰਦਰ ਕਟਾਸਰਾਜ ਦੇ ਵੀ ਦਰਸ਼ਨ ਕੀਤੇ। ਪੰਜਾ ਸਾਹਿਬ ਗੁਰਦੁਆਰਾ ਪਹੁੰਚ ਕੇ ਲੇਖਕ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਛੋਟੇ ਸਿੱਖ ਪਰਿਵਾਰਾਂ ਦੇ ਬੱਚੇ ਹੀ ਪਾਠ ਕਰਦੇ ਹਨ ਅਤੇ ਬੱਚੀਆਂ ਕੀਰਤਨ ਕਰਦੀਆਂ ਹਨ। ਉਪਰੰਤ ਗੁਰਦੁਆਰਾ ਭਾਈ ਜੋਗਾ ਸਿੰਘ ਤੇ ਗੁਰਦੁਆਰਾ ਭਾਈ ਬੀਬਾ ਸਿੰਘ ਪਿਸ਼ਾਵਰ ਵਿਖੇ ਵੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਫਿਰ ਕਿਲ੍ਹਾ ਰੋਹਤਾਸ ਪਹੁੰਚੇ, ਜਿਥੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਹੋਇਆ ਸੀ। ਅਗਲਾ ਸਫਰ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਦਾ ਸੀ, ਜੋ ਜ਼ਿਲ੍ਹਾ ਗੁਜਰਾਂਵਾਲਾ ਵਿਚ ਸਥਿਤ ਹੈ। ਇਸ ਮਗਰੋਂ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ, ਪਹੁੰਚੇ। ਫਿਰ ਲਾਹੌਰ ਦੇ ਗੁਰਦੁਆਰਿਆਂ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ। ਗੁਰਦੁਆਰਾ ਡੇਹਰਾ ਸਾਹਿਬ, ਜਿਥੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਸੈਂਟਰਲ ਜੇਲ੍ਹ, ਜਿਥੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ, ਇਹ ਸਾਰੇ ਸਥਾਨ ਵੇਖੇ। ਲੇਖਕ ਨੇ ਇਸ ਪੁਸਤਕ ਵਿਚ ਬੜੀ ਸੌਖੀ ਬੋਲੀ ਅਤੇ ਰੌਚਕ ਸ਼ੈਲੀ ਦੁਆਰਾ ਪਾਠਕਾਂ ਨੂੰ ਗੁਰਧਾਮਾਂ ਅਤੇ ਇਤਿਹਾਸਕ ਸਥਾਨਾਂ ਬਾਰੇ ਬੁਹਮੁੱਲੀ ਜਾਣਕਾਰੀ ਦਿੱਤੀ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਗੀਤ ਗੁਲਜ਼ਾਰ
ਲੇਖਕ : ਸਰਬਜੀਤ ਸਿੰਘ ਵਿਰਦੀ
ਪ੍ਰਕਾਸ਼ਕ : ਸੁਖਮਨੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 93
ਸੰਪਰਕ : 94173-10492
ਸਰਬਜੀਤ ਸਿੰਘ ਵਿਰਦੀ ਨੇ ਇਸ ਪੁਸਤਕ ਤੋਂ ਪਹਿਲਾਂ 9 ਗੀਤ ਸੰਗ੍ਰਹਿ ਪਾਠਕਾਂ ਦੀ ਨਜ਼ਰ ਕੀਤੇ ਹਨ। ਹਥਲੇ ਗੀਤ ਸੰਗ੍ਰਹਿ ਵਿਚ ਸਮਾਜਿਕ ਤੇ ਰੁਮਾਂਟਿਕ ਦੇਸ਼ ਪਿਆਰ ਨਾਲ ਸੰਬੰਧਿਤ ਵਿਸ਼ੇ ਲਏ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਪ੍ਰੋ. ਗੁਰਭਜਨ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਫਕੀਰ ਚੰਦ ਸ਼ੁਕਲਾ, ਹਰਦੇਵ ਦਿਲਗੀਰ, ਮਨਦੀਪ ਕੌਰ ਭੰਮਰਾ ਨੇ ਸਰਬਜੀਤ ਵਿਰਦੀ ਦੀ ਗਾਇਕੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਸ ਦੇ ਗੀਤਾਂ ਨੂੰ ਸਮੇਂ ਦੇ ਹਾਣੀ ਤੇ ਪਰੰਪਰਾ ਨਾਲ ਜੁੜੇ ਵਿਸ਼ਿਆਂ ਨੂੰ ਨਿਭਾਉਣ ਵਾਲੇ ਦੱਸਿਆ ਹੈ। ਸਰਬਜੀਤ ਸਿੰਘ ਵਿਰਦੀ ਨੇ 'ਪੰਜਾਬ ਦੀ ਵਰਤਮਾਨ ਤਸਵੀਰ, ਮਾਲਕ ਬਣ ਪ੍ਰਵਾਸੀ ਬਹਿ ਗਏ, ਰੇਸ਼ਮ ਪਰਾਂਦੇ, ਪਿਆਰ ਤੇ ਸਤਿਕਾਰ, ਬੇਸਹਾਰਾ ਬਾਪੂ' ਵਿਸ਼ੇ ਬਾਰੇ ਗੀਤ ਲਿਖੇ ਹਨ।
ਮਾਪੇ ਹੋ ਗਏ ਬੁੱਢੇ ਮਸਲਾ ਬਣ ਗਿਆ ਰੋਟੀ ਦਾ,
ਹੁਣ ਤੁਰਨ ਵਾਸਤੇ ਬਾਪੂ ਲਵੇ ਸਹਾਰਾ ਸੋਟੀ ਦਾ
ਵਾਤਾਵਰਨ ਬਚਾਉਣ ਲਈ ਹੋਕਾ ਦਿੰਦਾ ਇਹ ਗੀਤਕਾਰ ਸਭ ਨੂੰ ਕਹਿੰਦਾ ਹੈ:
ਵੱਢ ਵੱਢ ਕੇ ਰੁੱਖਾਂ ਨੂੰ ਕਹਿਰ ਇਹ ਨਾ ਢਾਹੋ ਲੋਕੋ
ਜੇਕਰ ਸੁਖੀ ਹੈ ਜਿਊਣਾ ਚਾਹੁੰਦੇ ਵਾਤਾਵਰਨ ਬਚਾਓ ਲੋਕੋ।
ਅੰਨਦਾਤਾ ਕਿਸਾਨ ਬਾਰੇ ਕਵੀ ਲਿਖਦਾ ਹੈ:
ਸਿੱਧਾ ਸਾਦਾ ਭੋਲਾ ਭਾਲਾ ਪੁੱਤ ਤੂੰ ਕਿਸਾਨ ਦਾ
ਮਿਹਨਤ ਨਾਲ ਪੇਟ ਭਰੇ ਸਾਰੇ ਤੂੰ ਜਹਾਨ ਦਾ
ਰੱਬ ਦਾ ਤੂੰ ਭਾਣਾ ਲਵੇ ਮੰਨ ਅੰਨ-ਦਾਤਿਆ
ਕਿਉਂ ਦਿਨੋ-ਦਿਨ ਹੋਵੇਂ ਤੂੰ ਗ਼ਰੀਬ ਅੰਨ ਦਾਤਿਆ।
ਕਵੀ ਧਰਮਾਂ ਦੀ ਸਾਂਝੀਵਾਲਤਾ ਤੇ ਆਪਸੀ ਪ੍ਰੇਮ ਦਾ ਸੁਨੇਹਾ ਦਿੰਦਾ ਹੈ। 'ਦੇਸ਼ ਦੇ ਰਾਖੇ ਬਣ ਕੇ' ਦੇਸ਼ ਪਿਆਰ ਅਤੇ ਦੇਸ਼ ਭਗਤੀ ਦੇ ਸੁਨੇਹੇ ਨਾਲ ਭਰਪੂਰ ਹੈ। ਭਰੂਣ ਹੱਤਿਆ ਦੇ ਵਿਸ਼ੇ ਨੂੰ ਕਵੀ ਬੜੀ ਸੰਵੇਦਨਾ ਨਾਲ ਪੇਸ਼ ਕਰਦਾ ਹੈ:
ਮੈਂ ਵੀ ਝਾਂਸੀ ਬਣ ਸਕਦੀ ਹਾਂ
ਮਾਈ ਭਾਗੋ ਵਾਂਗ ਲੜ ਸਕਦੀ ਹਾਂ।
ਮਰਦਾਂ ਨਾਲੋਂ ਘੱਟ ਨਹੀਂ ਦੁਸ਼ਮਣ ਖਾ ਜੇ ਹਾਰ
ਧੀਆਂ ਦੇ ਪੇਕਿਆਂ ਸੰਬੰਧੀ ਭਾਵ ਅਤੇ ਪਿਆਰ ਬਾਰੇ ਵੀ ਕਵੀ ਨੇ ਭਾਵਪੂਰਤ ਗੀਤ ਲਿਖੇ ਹਨ।
ਚਿੜੀਆਂ ਦਾ ਚੰਬਾ ਵੇ ਬਾਬਲਾ, ਲੈ ਅੰਮੀਏ ਮੈਂ ਤੁਰ ਚੱਲੀ, ਮੇਰੇ ਪੇਕਿਆਂ ਤੋਂ ਆਉਂਦੀਏ ਹਵਾਏ, ਮੈਂ ਚੱਲੀ ਤੈਥੋਂ ਦੂਰ ਅੰਮੀਏ, ਇਸ ਵਿਸ਼ੇ ਦੀਆਂ ਵਿਸ਼ੇਸ਼ ਰਚਨਾਵਾਂ ਹਨ। ਜੱਗ ਦੀ ਜਣਨੀ ਔਰਤ, ਮਾਪੇ ਬਣਦੇ ਕਾਤਲ ਧੀਆਂ ਦੇ, ਬਾਬਲਾ ਵੇ ਬਾਬਲਾ, ਆਦਿ ਰਚਨਾਵਾਂ ਵੀ ਇਸੇ ਲੜੀ ਵਿਚ ਰੱਖੀਆਂ ਜਾ ਸਕਦੀਆਂ ਹਨ। ਸ਼ੂਗਰ ਭਜਾਓ ਕਵਿਤਾ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਦੀ ਹੈ। ਪ੍ਰਦੂਸ਼ਣ ਰਹਿਤ ਦੀਵਾਲੀ, ਲੋਕ ਤੱਥ, ਜੱਟ ਦਾ ਸੁਪਨਾ ਗੀਤ ਵੀ ਸਮਾਜਿਕ ਮਸਲਿਆਂ ਨਾਲ ਜੁੜੇ ਹਨ। ਇਸ ਤਰ੍ਹਾਂ ਲੇਖਕ ਨੇ ਵਿਸ਼ੇ ਪੱਖੋਂ ਵੀ ਗੀਤਾਂ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਰੂਪਕ ਪੱਖ ਤੋਂ ਵੀ ਇਹ ਗੀਤਾਂ ਦੇ ਨਿਯਮਾਂ 'ਤੇ ਪੂਰੇ ਉਤਰਦੇ ਹਨ। ਉਸ ਦੇ ਗੀਤ ਵਧੀਆ ਵਿਚਾਰਾਂ ਦਾ ਪ੍ਰਚਾਰ ਵੀ ਕਰਦੇ ਹਨ, ਜਨਚੇਤਨਾ ਦਾ ਸੰਚਾਰ ਕਰਦੇ ਹਨ। ਇਨ੍ਹਾਂ ਰਾਹੀਂ ਵਿਦੇਸ਼ਾਂ ਵੱਲ ਜਾਣ ਦੀ ਦੌੜ ਤੋਂ ਕਿਨਾਰਾ ਕਰਨ ਲਈ ਕਿਹਾ ਹੈ। ਉਹ ਸਮਾਜਿਕ ਬੁਰਾਈਆਂ ਦਾ ਵੀ ਡਟ ਕੇ ਵਿਰੋਧ ਕਰਦਾ ਹੈ। ਮਿਹਨਤ, ਕਿਰਤ ਕਮਾਈ ਬਾਰੇ ਵੀ ਸੁਚੇਤ ਕਰਦਾ ਹੈ। ਪ੍ਰੋ. ਗੁਰਭਜਨ ਗਿੱਲ ਨੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਇਸ ਸੰਗ੍ਰਹਿ ਵਿਚ ਭਰੂਣ ਹੱਤਿਆ, ਰੁੱਖਾਂ ਕੁੱਖਾਂ ਅਤੇ ਪਾਣੀ ਦੀ ਗੱਲ ਹੋ ਰਹੀ ਹੈ। ਸੱਚਮੁੱਚ ਹੀ ਲੇਖਕ ਇਨ੍ਹਾਂ ਵਿਸ਼ਿਆਂ ਦੀ ਚੋਣ ਲਈ ਵਧਾਈ ਦਾ ਹੱਕਦਾਰ ਹੈ।
-ਪ੍ਰੋ. ਕੁਲਜੀਤ ਕੌਰ