ਆਜ਼ਾਦ ਕਿਸਾਨ ਮੋਰਚਾ ਨਾਲ ਸੰਬੰਧਿਤ ਆਗੂਆਂ ਅਤੇ 11 ਕਿਸਾਨ ਜਥੇਬੰਦੀਆਂ ਵਲੋਂ ਵਿਸ਼ੇਸ਼ ਇਕੱਤਰਤਾ
ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਚ ਅੱਜ ਕਿਸਾਨ ਭਵਨ ਵਿਖੇ ਆਜ਼ਾਦ ਕਿਸਾਨ ਮੋਰਚਾ ਨਾਲ ਸੰਬੰਧਿਤ ਆਗੂਆਂ ਅਤੇ 11 ਕਿਸਾਨ ਜਥੇਬੰਦੀਆਂ ਵਲੋਂ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਵਿਚ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਇਕ ਨਵਾਂ ਮੋੜ ਦੇਣ ਲਈ ਵਧੇਰੇ ਚਰਚਾ ਹੋਈ। ਕਿਸਾਨ ਆਗੂ ਸੁੱਖਾ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ, ਸਤਨਾਮ ਸਿੰਘ ਸੂਬਾ ਪ੍ਰਧਾਨ ਬੀਕੇਯੂ ਮਝੈਲ, ਸੁਖਦੇਵ ਸਿੰਘ ਹਰੀਆਂ ਵਾਲਾ ਸੂਬਾ ਪ੍ਰਧਾਨ ਸੰਘਰਸ਼ ਕਮੇਟੀ, ਜਸਵੀਰ ਸਿੰਘ ਆਹਲੂਵਾਲੀਆ ਹੜ੍ਹ ਪੀੜਤ ਸੰਘਰਸ਼ ਕਮੇਟੀ ਅਤੇ ਸਾਰਜਰ ਸਿੰਘ ਸੂਬਾ ਪ੍ਰਧਾਨ ਬੀਕੇਯੂ ਆਦਿ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿਚ ਮੋਰਚੇ ਦਾ ਮਕਸਦ ਕਿਸਾਨਾਂ ਦੇ ਹੱਕਾਂ ਲਈ ਇਕ ਜੁੱਟ ਹੋ ਕੇ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਿਸਾਨਾਂ ਨਾਲ ਜੁੜੀਆ ਵੱਖ ਵੱਖ ਮੰਗਾਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਵੀ ਤਿਆਰੀ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਮੀਟਿੰਗ ਵਿਚ ਵਿਸ਼ੇਸ਼ ਕਰਕੇ ਪੰਜਾਬ ਵਿਚ ਖ਼ਸ ਖ਼ਸ ਦੀ ਖੇਤੀ ਅਤੇ ਪੰਜਾਬ ਚੋਂ ਚਿੱਟੇ ਵਰਗੇ ਭਿਆਨਕ ਨਸ਼ਿਆਂ ਦਾ ਬਦਲ, ਪੰਜਾਬ ਚ ਭੁੱਕੀ ਅਤੇ ਅਫ਼ੀਮ ਦੇ ਠੇਕੇ ਖੋਲਣ ਦੀ ਮੰਗ ਵੀ ਉਠਾਈ ਗਈ। ਇਸ ਮੌਕੇ 'ਤੇ ਇਹ ਵੀ ਮੰਗ ਕੀਤੀ ਗਈ ਕਿ ਬੈਂਕਾਂ ਅਤੇ ਸਰਕਾਰ ਵਲੋਂ ਜੋ 109 ਕਿਸਾਨਾਂ ਦੀ ਜ਼ਮੀਨ ਕੁਰਕੀ ਦੀ ਗੱਲ ਕੀਤੀ ਜਾ ਰਹੀ ਹੈ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਅਤੇ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੇ ਲੀਕ ਮਾਰੀ ਜਾਵੇ। ਇਨਸਾਫ਼ ਮੋਰਚੇ ਦੇ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਗਈ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਂਦਾ ਹੈ।
;
;
;
;
;
;
;
;
;