
ਛੇਹਰਟਾ (ਅੰਮ੍ਰਿਤਸਰ), 22ਫਰਵਰੀ (ਪੱਤਰ ਪ੍ਰੇਰਕ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖ਼ਾਲਸਾ ਅੰਮ੍ਰਿਤਸਰ ਨੂੰ ਵਿਪਰੋ ਅਰਥੀਅਨ ਨੈਸ਼ਨਲ ਐਵਾਰਡ ਮਿਲਣ ਨਾਲ ਸਰਕਾਰੀ ਸਕੂਲਾਂ ਦਾ ਮਾਣ ਵਧਿਆ ਹੈ । ਇਸ ਸੰਬੰਧੀ ਪ੍ਰੋਜੈਕਟ ਮੈਡਮ ਪਲਵਿੰਦਰ ਕੌਰ ਤੇ 6ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀਪਿਕਾ, ਅਨਮੋਲਦੀਪ ਕੌਰ,ਪ੍ਰਭਜੋਤ ਕੌਰ,ਸੋਨਾਕਸ਼ੀ ਤੇ ਚਾਂਦਨੀ ਵਲੋਂ ਤਿਆਰ ਕੀਤਾ ਗਿਆ ਸੀ। ਇਸ ਐਵਾਰਡ ਲਈ ਸਕੂਲ ਟੀਮ ਨੂੰ ਹਵਾਈ ਜਹਾਜ਼ ਦੇ ਮੁਫ਼ਤ ਸਫ਼ਰ ਰਾਹੀਂ ਬੈਂਗਲੁਰੂ ਬੁਲਾਇਆ ਗਿਆ ਤੇ ਇਹ ਐਵਾਰਡ ਅੱਜ ਅਜ਼ੀਮ ਪ੍ਰੇਮ ਜੀ ਯੂਨੀਵਰਸਟੀ ਕੈਂਪਸ ਬੈਂਗਲੁਰੂ ਵਿਖੇ ਦਿੱਤਾ ਗਿਆ। ਇਸ ਸਮਾਰੋਹ ਵਿਚ ਵਿਚ ਭਾਰਤ ਭਰ ਵਿਚੋਂ 15 ਰਾਜਾਂ ਦੀਆਂ ਟੀਮਾਂ ਵਲੋਂ 1550 ਪ੍ਰੋਜੈਕਟ ਵੇਸਟ ਮੈਨੇਜਮੈਂਟ,ਪਾਣੀ ਪ੍ਰਬੰਧਨ ਅਤੇ ਬਾਇਓਡਾਇਵਰਸਿਟੀ ਉੱਪਰ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 23 ਟੀਮਾਂ ਦੀ ਚੋਣ ਨੈਸ਼ਨਲ ਐਵਾਰਡ ਲਈ ਕੀਤੀ ਗਈ ਹੈ। ਇਸ ਐਵਾਰਡ ਲਈ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੀਆਂ ਟੀਮਾਂ ਵਲੋਂ ਵੀ ਭਾਗ ਲਿਆ ਜਾਂਦਾ ਹੈ।