
ਕਾਦੀਆਂ, 27 ਫਰਵਰੀ (ਹਰਦੀਪ ਸਿੰਘ ਸੰਧੂ)-ਅਮਰੀਕਾ ਭੇਜਣ ਲਈ 46 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਚੀਮਾ ਨੇ ਦੱਸਿਆ ਕਿ ਮਲਕੀਤ ਸਿੰਘ ਵਾਸੀ ਪਿੰਡ ਖਾਨ ਪਿਆਰਾ ਥਾਣਾ ਸੇਖਵਾਂ ਅਤੇ ਬਾਠ, ਸੰਦੀਪ, ਦਿਨੇਸ਼ ਵਾਸੀ ਹਰਿਆਣਾ ਨੇ ਗਲਤ ਤਰੀਕੇ ਨਾਲ ਵਿਦੇਸ਼ ਅਮਰੀਕਾ ਭੇਜਣ ਲਈ ਉਸ ਕੋਲੋਂ 46 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਕਾਦੀਆਂ ਦੇ ਐਸ.ਐਚ.ਓ. ਨਿਰਮਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕਰਨ ਉਪਰੰਤ ਏ.ਐਸ.ਆਈ. ਕੁਲਵਿੰਦਰ ਸਿੰਘ ਵਲੋਂ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਕਾਦੀਆਂ ਅੰਦਰ ਸਬੰਧਿਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।