
ਨਵੀਂ ਦਿੱਲੀ, 27 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅੱਜ ਭਾਰਤ ਦੇ ਦੋ ਦਿਨਾਂ ਦੌਰੇ ’ਤੇ ਆਉਣਗੇ। ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ-ਈ.ਯੂ. ਵਪਾਰ ਪ੍ਰੀਸ਼ਦ ਵਿਚ ਹਿੱਸਾ ਲੈਣਗੇ। ਇਸ ਦੌਰਾਨ, ਮੁਕਤ ਵਪਾਰ ਸਮਝੌਤੇ ’ਤੇ ਵੀ ਚਰਚਾ ਕੀਤੀ ਜਾਵੇਗੀ। ਉਰਸੁਲਾ ਵੌਨ ਡੇਰ ਦੇ ਨਾਲ ਇਕ ਈ.ਯੂ. ਦਾ ਵਫ਼ਦ ਵੀ ਹੋਵੇਗਾ। ਇਸ ਵਫ਼ਦ ਵਿਚ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ 27 ਅਧਿਕਾਰੀ ਸ਼ਾਮਿਲ ਹੋਣਗੇ। ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਅਨੁਸਾਰ, ਇਸ ਦੌਰੇ ਦੀ ਯੋਜਨਾ ਕਈ ਮਹੀਨਿਆਂ ਤੋਂ ਬਣਾਈ ਜਾ ਰਹੀ ਸੀ। ਇਸ ਦਾ ਐਲਾਨ 21 ਜਨਵਰੀ ਨੂੰ ਦਾਵੋਸ ਵਿਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਉਰਸੁਲਾ ਵਾਨ ਡੇਰ ਅੱਜ ਸਾਂਝੇ ਤੌਰ ’ਤੇ ਪ੍ਰੈਸ ਨੂੰ ਵੀ ਸੰਬੋਧਨ ਕਰਨਗੇ। ਦੱਸ ਦੇਈਏ ਇਕ ਉਰਸੁਲਾ ਵੌਨ ਡੇਰ ਤੀਜੀ ਵਾਰ ਭਾਰਤ ਦਾ ਦੌਰਾ ਕਰ ਰਹੇ ਹਨ। ਉਹ ਪਹਿਲਾਂ ਅਪ੍ਰੈਲ 2022 ਵਿਚ ਦੁਵੱਲੀ ਫੇਰੀ ਲਈ ਅਤੇ ਸਤੰਬਰ 2023 ਵਿਚ ਜੀ-20 ਲੀਡਰਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭਾਰਤ ਆਏ ਸਨ। ਇਸ ਦੌਰੇ ਦੌਰਾਨ, ਭਾਰਤ ਅਤੇ ਯੂਰਪੀ ਸੰਘ ਵਿਚਕਾਰ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ ਦੂਜੀ ਮੰਤਰੀ ਪੱਧਰੀ ਮੀਟਿੰਗ ਹੋਵੇਗੀ। ਇਸ ਦੇ ਨਾਲ ਹੀ, ਯੂਰਪੀਅਨ ਕਮਿਸ਼ਨਰਾਂ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਵਿਚਕਾਰ ਦੁਵੱਲੀ ਮੰਤਰੀ ਪੱਧਰ ਦੀਆਂ ਮੀਟਿੰਗਾਂ ਵੀ ਹੋਣਗੀਆਂ।