ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਪਤੀ-ਪਤਨੀ ਦੀ ਸਰੋਵਰ 'ਚ ਡੁੱਬਣ ਨਾਲ ਮੌਤ
ਕਾਦੀਆਂ, 29 ਸਤੰਬਰ (ਕੁਲਵਿੰਦਰ ਸਿੰਘ)-ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਲੀਲ੍ਹ ਕਲਾਂ ਵਿਖੇ ਅੱਜ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਮੱਕਾ ਸਾਹਿਬ ਵਿਖੇ ਨਜ਼ਦੀਕੀ ਪਿੰਡ ਕੰਡੀਲੇ ਤੋਂ ਇਕ ਜੋੜਾ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਆਪਣੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਮੱਥਾ ਟੇਕਣ ਆਇਆ ਸੀ, ਜਦੋਂ ਪਤੀ ਸਰੋਵਰ ਵਿਚ ਇਸ਼ਨਾਨ ਕਰਨ ਲਈ ਵੜਿਆ ਤਾਂ ਅਚਾਨਕ ਉਹ ਡੁੱਬਣ ਲੱਗ ਪਿਆ ਤਾਂ ਉਸ ਦੀ ਪਤਨੀ ਨੇ ਆਪਣੀ ਚੁੰਨੀ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਪਤੀ ਦੇ ਮਗਰ ਸਰੋਵਰ ਦੇ ਪਾਣੀ ਵਿਚ ਡੁੱਬ ਗਈ। ਪਿੰਡ ਦੀ ਸੰਗਤ ਨੇ ਜਦੋਂ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਤੈਰਦੀਆਂ ਵੇਖੀਆਂ ਤਾਂ ਸਾਰੇ ਹੀ ਖ਼ੌਫ਼ ਵਿਚ ਆ ਗਏ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਗਏ ਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 40-45 ਸਾਲ ਵਾਸੀ ਪਿੰਡ ਕੰਡੀਲਾ ਤੇ ਉਸ ਦੀ ਪਤਨੀ ਰਣਜੀਤ ਕੌਰ ਉਮਰ 35 ਤੋਂ 40 ਸਾਲ ਦੋਵੇਂ ਪਤੀ-ਪਤਨੀ ਗੁਰਦੁਆਰਾ ਮੱਕਾ ਸਾਹਿਬ ਵਿਖੇ ਮੱਥਾ ਟੇਕਣ ਮੋਟਰਸਾਈਕਲ ਉਤੇ ਗਏ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ। ਥਾਣਾ ਕਾਦੀਆਂ ਦੀ ਪੁਲਿਸ ਵੀ ਥਾਣਾ ਮੁਖੀ ਪਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਹੁੰਚ ਗਈ ਹੈ ਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।