27-02-2025
ਨੀਮ ਹਕੀਮ ਖ਼ਤਰਾ-ਏ-ਜਾਨ
ਸਿਆਣਿਆਂ ਦੀ ਕਹਾਵਤ ਹੈ, 'ਨੀਮ ਹਕੀਮ ਖਤਰਾ-ਏ-ਜਾਨ' ਭਾਵ ਘੱਟ ਜਾਣਕਾਰੀ ਵਾਲੇ ਵੈਦ ਡਾਕਟਰ ਤੋਂ ਦਵਾਈ ਨਾ ਲਵੋ। ਅਸੀਂ ਇੰਟਰਨੈੱਟ ਨੂੰ ਦੇਖ ਕੇ ਵੀ ਡਾਕਟਰ ਬਣ ਜਾਂਦੇ ਹਾਂ। ਐਲੋਪੈਥਿਕ ਵਿਚ ਹਮੇਸ਼ਾ ਵਧੀਆ ਡਾਕਟਰ ਹੀ ਚੁਣੋ, ਇਨ੍ਹਾਂ ਦਵਾਈਆਂ ਦੇ ਫਾਇਦਿਆਂ ਦੇ ਨਾਲ ਨੁਕਸਾਨ ਵੀ ਹੁੰਦੇ ਹਨ। ਹੁਣੇ-ਹੁਣੇ ਬਰਤਾਨੀਆ ਦੀ ਨੌਟਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਪੈਰਾਸੀਟਾਮੋਲ ਗੋਲੀਆਂ ਤੋਂ 'ਜ਼ਰਾ ਬੱਚ ਕੇ ਮੋੜ ਤੋਂ' ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਪੈਰਾਸਿਟਾਮੋਲ ਗੁਰਦਿਆਂ 'ਤੇ 19 ਫ਼ੀਸਦੀ ਦਿਲ ਦੇ ਦੌਰੇ 'ਤੇ 9 ਫ਼ੀਸਦੀ, ਹਾਈ ਬਲੱਡ ਪ੍ਰੈਸ਼ਰ 'ਤੇ 7 ਫ਼ੀਸਦੀ ਖ਼ਤਰਾ ਵਧਾਉਂਦੀ ਹੈ। ਬਜ਼ੁਰਗਾਂ 'ਤੇ ਇਸ ਦਾ ਵੱਧ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਆਪੇ ਬਣੇ ਡਾਕਟਰ ਖਾਹ ਮਖਾਹ ਪੈਰਾਸਿਟਾਮੋਲ ਲੈਣ ਤੋਂ ਗੁਰੇਜ਼ ਕਰਨ। ਹੋਰ ਦਵਾਈਆਂ ਵੀ ਕਾਬਲ ਡਾਕਟਰ ਦੀ ਸਲਾਹ ਤੋਂ ਬਗ਼ੈਰ ਲੈਣਾ ਬੰਦ ਕਰੋ। ਨੀਮ ਹਕੀਮ ਤੋਂ ਸੌ ਕਦਮ ਪਿੱਛੇ ਰਹੋ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਸੜਕਾਂ ਦੀ ਖ਼ਸਤਾ ਹਾਲਤ
'ਅਜੀਤ' ਦੇ ਸੰਪਾਦਕੀ ਪੰਨੇ 'ਤੇ ਛਪਿਆ ਲੇਖ 'ਪੰਜਾਬ ਦੇ ਵਿਕਾਸ ਲਈ ਜ਼ਰੂਰੀ ਹੈ ਸੜਕਾਂ ਦੀ ਹਾਲਤ ਸੁਧਾਰਨੀ' ਪੜ੍ਹਿਆ। ਜਿਥੇ ਅੱਜ ਵੱਡੇ-ਵੱਡੇ ਪੁਲ ਬਣ ਰਹੇ ਹਨ, ਉਥੇ ਸਰਕਾਰਾਂ ਨੂੰ ਟੁੱਟੀਆਂ ਸੜਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਚੰਗੀਆਂ ਸੜਕਾਂ ਨਾਲ ਵਿਕਾਸ ਦੀ ਰਫ਼ਤਾਰ ਤੇਜ਼ ਹੁੰਦੀ ਹੈ ਅਤੇ ਆਉਣ-ਜਾਣ ਵਾਲਿਆਂ ਨੂੰ ਆਸਾਨੀ ਹੁੰਦੀ ਹੈ। ਪੰਜਾਬ ਦੇ ਪਿੰਡਾਂ ਨੂੰ ਜੋੜਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ। ਸੋ, ਉਮੀਦ ਹੈ ਕਿ ਸਰਕਾਰਾਂ ਵਲੋਂ ਸ਼ਹਿਰੀ ਸੜਕਾਂ ਦੀ ਉਸਾਰੀ ਦੇ ਨਾਲ-ਨਾਲ ਪਿੰਡਾਂ ਦੀਆਂ ਸੜਕਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ।
-ਲਵਪ੍ਰੀਤ ਕੌਰ
ਜ਼ਲਾਲਤ ਭਰੀ ਵਾਪਸੀ
ਪਿਛਲੇ ਦਿਨੀਂ ਅਜੀਤ ਦੇ ਹਫਤਾਵਾਰੀ ਅੰਕ ਵਿਚ ਲੇਖਕ ਗੁਰਪ੍ਰੀਤ ਸਿੰਘ ਤੂਰ ਦਾ ਲੇਖ 'ਬੇਵਸੀ ਦੀ ਉਡਾਣ' ਪੜ੍ਹ ਕੇ ਸੱਚਮੁੱਚ ਦਿਲ ਝੰਜੋੜਿਆ ਗਿਆ। ਜ਼ਿੰਦਗੀ ਦੇ ਸੁਨਹਿਰੀ ਭਵਿੱਖ ਦੀ ਖਾਤਰ ਪੰਜਾਬ ਦੀ ਜਵਾਨੀ ਲੱਖਾਂ ਰੁਪਈਆ ਭਰ ਕੇ ਕਿਸ ਤਰ੍ਹਾਂ ਸਵੈ ਸਹੇੜੀ ਮੁਸੀਬਤ ਦਾ ਸ਼ਿਕਾਰ ਹੋ ਰਹੀ ਹੈ? ਸਭ ਕੁਝ ਵੇਚ ਵੱਟ ਕੇ ਮੌਤ ਦੇ ਰਾਹਾਂ 'ਤੇ ਤੁਰ ਪੈਣਾਂ ਕਿਸ ਮਜਬੂਰੀ ਦਾ ਹਿੱਸਾ ਹੈ। ਇਹ ਠੀਕ ਹੈ ਇਨ੍ਹਾਂ ਹਾਲਾਤ ਲਈ ਸਰਕਾਰਾਂ, ਨਿਜ਼ਾਮ ਜਾਂ ਸਮਾਜਿਕ ਢਾਂਚਾ ਜ਼ਿੰਮੇਵਾਰ ਹੈ, ਪਰ ਕਿਤੇ ਨਾ ਕਿਤੇ ਸਾਡੀ ਲਾਲਚੀ ਬਿਰਤੀ ਵੀ ਜ਼ਿੰਮੇਵਾਰ ਹੈ। ਜਿਸ ਜ਼ਲਾਲਤ ਭਰੇ ਹਾਲਾਤ ਵਿਚ ਭਾਰਤ ਦੇ ਗੈਰ ਕਾਨੂੰਨੀ ਲੋਕਾਂ ਦੀ ਅਮਰੀਕਾ ਤੋਂ ਵਾਪਸੀ ਹੋਈ ਹੈ ਇਸ ਕਲੰਕ ਨੂੰ ਧੋਣ ਲਈ ਸਾਡੀ ਸੋਚ ਨੂੰ ਸਵੈ ਵਿਸ਼ਲੇਸ਼ਣ ਦੀ ਜ਼ਰੂਰਤ ਹੈ। ਆਓ, ਆਪਣੇ ਦੇਸ਼ ਵਿਚ ਮਿਹਨਤ ਕਰਕੇ ਭਵਿੱਖ ਉੱਜਲਾ ਕਰੀਏ।
-ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲੀਆ
ਗੁਰਦਾਸਪੁਰ।
ਨੌਜਵਾਨੀ ਪ੍ਰਵਾਸ : ਚਿੰਤਾ ਦਾ ਵਿਸ਼ਾ
ਹਾਲ ਹੀ ਵਿਚ ਅਮਰੀਕਾ ਸਰਕਾਰ ਵਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਬਰਨ ਕੱਢੇ ਜਾਣ ਦੇ ਫੈਸਲੇ ਤਹਿਤ 104 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਪੁੱਜਾ। 15 ਫ਼ਰਵਰੀ ਨੂੰ ਵੀ 116 ਗੈਰ ਕਾਨੂੰਨੀ ਭਾਰਤੀ ਅਮਰੀਕੀ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੇ। 16 ਫ਼ਰਵਰੀ ਨੂੰ ਤੀਜਾ ਜਹਾਜ਼ 112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪੁੱਜਾ, ਜਿਸ ਵਿਚ ਪੰਜਾਬ ਦੇ 31 ਨੌਜਵਾਨ ਸਨ। ਇਨ੍ਹਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ। ਬੜੀ ਸ਼ਰਮ ਵਾਲੀ ਗੱਲ ਹੈ ਕਿ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਨੌਜਵਾਨ ਭਾਰਤ ਭੇਜੇ ਗਏ।
ਜਿਨ੍ਹਾਂ ਵਿਚ ਸਿੱਖ ਨੌਜਵਾਨਾਂ ਨੂੰ ਬਿਨਾਂ ਦਸਤਾਰਾਂ ਭੇਜਿਆ ਜਾ ਰਿਹਾ ਹੈ। 40 ਤੋਂ 60 ਲੱਖ ਰੁੱਪਏ ਲਗਾ ਕੇ ਨਜਾਇਜ਼ ਤਰੀਕੇ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਮਰੀਕਾ ਪੁੱਜੇ ਇਨ੍ਹਾਂ ਲੋਕਾਂ ਨੂੰ ਕੁਝ ਦਿਨਾਂ ਬਾਅਦ ਹੀ ਵਾਪਸ ਮੁੜਨਾ ਪਿਆ। ਇੱਕ ਪਰਿਵਾਰ ਦੇ ਤਾਂ ਦੋ ਜਣੇ 90 ਲੱਖ ਲਗਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ ਸਨ। ਪਰਿਵਾਰਾਂ ਨੇ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਨੌਜਵਾਨਾਂ ਨੂੰ ਬਾਹਰ ਭੇਜਿਆ ਸੀ। ਜ਼ਿਆਦਾਤਰ ਲੋਕ ਮੈਕਸੀਕੋ ਰਾਹੀਂ ਡੌਂਕੀ ਲਗਾ ਕੇ ਅਮਰੀਕਾ ਵੜੇ ਸਨ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਨੇ ਆਉਂਦੇ ਸਾਰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਿਆ ਹੈ।
ਹੁਣ ਭਾਰਤ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਦੇਸ਼ ਦੇ ਲੋਕ ਗੈਰ ਕਾਨੂੰਨੀ ਪ੍ਰਵਾਸ ਕਿਉਂ ਕਰ ਰਹੇ ਹਨ? ਕਿਉਂ ਲੋਕ ਟਰੈਵਲ ਏਜੰਟਾਂ ਕੋਲ ਫਸ ਜਾਂਦੇ ਹਨ? ਉਹ ਝੂਠ ਬੋਲ ਕੇ ਗਲਤ ਤਰੀਕੇ ਨਾਲ ਲੋਕਾਂ ਨੂੰ ਕਿਉਂ ਗਲਤ ਭੇਜ ਰਹੇ ਹਨ।
ਗੈਰ ਕਾਨੂੰਨੀ ਪ੍ਰਵਾਸ ਕਰਨ ਵਾਲਿਆਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਭਵਿੱਖ ਰੁਸ਼ਨਾਅ ਜਾਵੇਗਾ ਤੇ ਆਪਣੇ ਘਰਦਿਆਂ ਦੀ ਗਰੀਬੀ ਦੂਰ ਕਰ ਦੇਣਗੇ। ਇੰਨੀ ਮੋਟੀ ਰਕਮ ਵਿਆਜ 'ਤੇ ਚੁੱਕ ਕੇ ਬਾਹਰ ਜਾਣਾ ਕੋਈ ਚੰਗੀ ਗੱਲ ਨਹੀਂ। ਦਰਅਸਲ ਆਪਣੇ ਭਾਰਤ ਵਿਚ ਬੇਰੁਜ਼ਗਾਰੀ ਬਹੁਤ ਵਧ ਚੁੱਕੀ ਹੈ।
ਯੋਗਤਾ ਦੇ ਮੁਤਾਬਕ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਦੀ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਾਰ ਲੈਣੀ ਚਾਹੀਦੀ ਹੈ।
-ਸੰਜੀਵ ਸੈਣੀ ਮੁਹਾਲੀ।
ਮੁਫ਼ਤ ਦੀਆਂ ਰਿਉੜੀਆਂ
ਸੁਪਰੀਮ ਕੋਰਟ ਵਲੋਂ ਮੁਫ਼ਤ ਦੀਆਂ ਰਿਉੜੀਆਂ ਵੰਡੇ ਜਾਣ ਨੂੰ ਲੈ ਕੇ ਹਾਲ ਹੀ 'ਚ ਦਿੱਤੀ ਗਈ ਪ੍ਰਤੀਕਿਰਿਆ ਸਲਾਹੁਣਯੋਗ ਹੈ। ਜਿਸ ਤਰ੍ਹਾਂ ਹਰ ਚੋਣਾਂ ਸਮੇਂ ਸਿਆਸੀ ਪਾਰਟੀਆਂ ਵਲੋਂ ਲੋਕਾਂ ਨੂੰ ਮੁਫ਼ਤ ਚੀਜ਼ਾਂ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ, ਉਸ ਨੂੰ ਕਿਸੇ ਤਰ੍ਹਾਂ ਵੀ ਵਾਜ਼ਬ ਨਹੀਂ ਠਹਿਰਾਇਆ ਜਾ ਸਕਦਾ। ਸਿਆਸੀ ਪਾਰਟੀਆਂ ਆਪਣੀ ਸੱਤਾ ਦੀ ਭੁੱਖ ਨੂੰ ਪੂਰਾ ਕਰਨ ਵਾਸਤੇ ਕਦੇ ਮੁਫ਼ਤ ਬਿਜਲੀ ਪਾਣੀ ਦਿੰਦੀ ਹੈ, ਤੇ ਕਦੇ ਕੋਈ ਪਾਰਟੀ 1100 ਰੁਪਈਏ ਤੇ ਕੋਈ ਹੋਰ ਪਾਰਟੀ 2100 ਰੁਪਏ ਮਹੀਨਾ ਤੇ ਮੁਫ਼ਤ ਸਿਲੰਡਰ ਦੇਣ ਦਾ ਦਿੱਤੇ ਜਾਣ ਦਾ ਐਲਾਨ ਕਰ ਕੇ ਵੋਟਰਾਂ ਨੂੰ ਭਰਮਾਇਆ ਜਾਂਦਾ ਹੈ। ਮੁਫ਼ਤ ਦੀਆਂ ਚੀਜ਼ਾਂ ਮਿਲਣ ਨਾਲ ਜਨਤਾ ਮੁਫ਼ਤ 'ਚ ਖਾਣ ਦੀ ਆਦੀ ਹੋ ਜਾਂਦੀ ਹੈ ਜੋ ਦੇਸ਼ ਜਾਂ ਸੂਬੇ ਦੀ ਤਰੱਕੀ 'ਚ ਵੱਡੀ ਰੁਕਾਵਟ ਹੈ। ਇਸ ਨਾਲ ਲੋਕ ਨਿਕੰਮੇ ਤੇ ਆਲਸੀ ਬਣਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਦੋਂ ਹਰ ਚੀਜ਼ ਮੁਫ਼ਤ 'ਚ ਮਿਲ ਰਹੀ ਹੈ ਤਾਂ ਫਿਰ ਕੰਮ ਕਰਨ ਦੀ ਕੀ ਲੋੜ ਹੈ। ਅਸਲ 'ਚ ਇਹ ਅਸਿੱਧੇ ਰੂਪ 'ਚ ਵੋਟ ਖਰੀਦੇ ਜਾਣ ਦਾ ਇਕ ਅਸਿੱਧਾ ਢੰਗ ਹੈ।
-ਲੈਕਚਰਾਰ ਅਜੀਤ ਖੰਨਾ